ਪੁਣੇ, 20 ਦਸੰਬਰ 2024 – ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਮੰਦਰ-ਮਸਜਿਦ ਵਿਵਾਦਾਂ ਦੇ ਮੁੜ ਉਭਰਨ ‘ਤੇ ਚਿੰਤਾ ਜ਼ਾਹਰ ਕੀਤੀ। ਭਾਗਵਤ ਨੇ ਕਿਹਾ ਕਿ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਅਜਿਹੇ ਮੁੱਦੇ ਉਠਾ ਕੇ ਹਿੰਦੂਆਂ ਦੇ ਨੇਤਾ ਬਣ ਜਾਣਗੇ। ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਭਾਗਵਤ ਨੇ ਕਿਹਾ- ਭਾਰਤ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਅਸੀਂ ਇਕੱਠੇ ਰਹਿ ਸਕਦੇ ਹਾਂ। ਅਸੀਂ ਲੰਬੇ ਸਮੇਂ ਤੋਂ ਸਦਭਾਵਨਾ ਨਾਲ ਰਹਿ ਰਹੇ ਹਾਂ। ਜੇਕਰ ਅਸੀਂ ਦੁਨੀਆ ਨੂੰ ਇਹ ਸਦਭਾਵਨਾ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਇਸਦਾ ਮਾਡਲ ਬਣਾਉਣ ਦੀ ਲੋੜ ਹੈ।
ਭਾਗਵਤ ਨੇ ਇਹ ਗੱਲਾਂ ਪੁਣੇ ‘ਚ ਸਹਿਜੀਵਨ ਲੈਕਚਰ ਸੀਰੀਜ਼ ‘ਚ ਭਾਰਤ ਵਿਸ਼ਵਗੁਰੂ ‘ਤੇ ਭਾਸ਼ਣ ਦਿੰਦੇ ਹੋਏ ਕਹੀਆਂ। ਕਿਸੇ ਵਿਸ਼ੇਸ਼ ਸਥਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ, ‘ਹਰ ਰੋਜ਼ ਨਵਾਂ ਮਾਮਲਾ (ਵਿਵਾਦ) ਖੜ੍ਹਾ ਹੋ ਰਿਹਾ ਹੈ। ਇਸ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ ? ਹਾਲ ਹੀ ਦੇ ਸਮੇਂ ਵਿੱਚ, ਮੰਦਰਾਂ ਦਾ ਪਤਾ ਲਗਾਉਣ ਲਈ ਮਸਜਿਦਾਂ ਦੇ ਸਰਵੇਖਣ ਦੀਆਂ ਕਈ ਮੰਗਾਂ ਅਦਾਲਤਾਂ ਵਿੱਚ ਪਹੁੰਚੀਆਂ ਹਨ। ਹਾਲਾਂਕਿ ਭਾਗਵਤ ਨੇ ਆਪਣੇ ਲੈਕਚਰ ‘ਚ ਕਿਸੇ ਦਾ ਨਾਂ ਨਹੀਂ ਲਿਆ।
ਭਾਰਤੀ ਸਮਾਜ ਦੀ ਵਿਭਿੰਨਤਾ ਨੂੰ ਉਜਾਗਰ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਰਾਮਕ੍ਰਿਸ਼ਨ ਮਿਸ਼ਨ ਵਿੱਚ ਮਨਾਇਆ ਜਾਂਦਾ ਹੈ। ਇਹ ਕੇਵਲ ਅਸੀਂ ਹੀ ਕਰ ਸਕਦੇ ਹਾਂ, ਕਿਉਂਕਿ ਅਸੀਂ ਹਿੰਦੂ ਹਾਂ।
ਉਨ੍ਹਾਂ ਕਿਹਾ, ਅਸੀਂ ਲੰਬੇ ਸਮੇਂ ਤੋਂ ਸਦਭਾਵਨਾ ਨਾਲ ਰਹਿ ਰਹੇ ਹਾਂ। ਜੇਕਰ ਅਸੀਂ ਦੁਨੀਆ ਨੂੰ ਇਹ ਸਦਭਾਵਨਾ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਇਸਦਾ ਮਾਡਲ ਬਣਾਉਣ ਦੀ ਲੋੜ ਹੈ। ਰਾਮ ਮੰਦਰ ਇਸ ਲਈ ਬਣਾਇਆ ਗਿਆ ਕਿਉਂਕਿ ਇਹ ਸਾਰੇ ਹਿੰਦੂਆਂ ਦੀ ਆਸਥਾ ਦਾ ਵਿਸ਼ਾ ਸੀ।
ਭਾਗਵਤ ਨੇ ਅੱਗੇ ਕਿਹਾ – ਬਾਹਰੋਂ ਆਏ ਕੁਝ ਸਮੂਹ ਆਪਣੇ ਨਾਲ ਕੱਟੜਤਾ ਲੈ ਕੇ ਆਏ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁਰਾਣਾ ਰਾਜ ਵਾਪਸ ਆਵੇ। ਪਰ ਹੁਣ ਦੇਸ਼ ਸੰਵਿਧਾਨ ਅਨੁਸਾਰ ਚੱਲਦਾ ਹੈ। ਇਸ ਪ੍ਰਣਾਲੀ ਵਿਚ ਲੋਕ ਆਪਣੇ ਨੁਮਾਇੰਦੇ ਚੁਣਦੇ ਹਨ, ਜੋ ਸਰਕਾਰ ਚਲਾਉਂਦੇ ਹਨ।
ਰਾਮ ਮੰਦਰ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਯੁੱਧਿਆ ‘ਚ ਰਾਮ ਮੰਦਰ ਹਿੰਦੂਆਂ ਨੂੰ ਦੇਣ ਦਾ ਫੈਸਲਾ ਹੋਇਆ ਸੀ, ਪਰ ਅੰਗਰੇਜ਼ਾਂ ਨੇ ਇਸ ਗੱਲ ਨੂੰ ਭਾਂਪ ਲਿਆ ਅਤੇ ਦੋਹਾਂ ਭਾਈਚਾਰਿਆਂ ‘ਚ ਦਰਾਰ ਪੈਦਾ ਕਰ ਦਿੱਤੀ। ਉਦੋਂ ਤੋਂ ਇਹ ਵੱਖਵਾਦ ਦੀ ਭਾਵਨਾ ਹੋਂਦ ਵਿੱਚ ਆਈ। ਨਤੀਜੇ ਵਜੋਂ ਪਾਕਿਸਤਾਨ ਹੋਂਦ ਵਿੱਚ ਆਇਆ।
ਮੋਹਨ ਭਾਗਵਤ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਦੀ ਅਕਸਰ ਚਰਚਾ ਹੁੰਦੀ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ ਦੂਜੇ ਦੇਸ਼ਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਨੂੰ ਕਿਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਆਰਐਸਐਸ ਮੁਖੀ ਨੇ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਦਾ ਕੋਈ ਹਵਾਲਾ ਨਹੀਂ ਦਿੱਤਾ, ਪਰ ਆਰਐਸਐਸ ਨੇ ਸ਼ੇਖ ਹਸੀਨਾ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ਵਿੱਚ ਉਸ ਦੇਸ਼ ਵਿੱਚ ਹਿੰਦੂਆਂ ਦੀ ਸਥਿਤੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ।