- 30 ਤੋਂ ਵੱਧ ਜ਼ਖਮੀ
- ਬੱਸ ਚਲਾ ਰਹੇ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ ਹਾਦਸਾ
ਗੁਜਰਾਤ, 31 ਦਸੰਬਰ 2022 – ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਫਾਰਚੂਨਰ ਕਾਰ ਅਤੇ ਬੱਸ ਦੀ ਟੱਕਰ ਹੋ ਗਈ। ਇਸ ਵਿੱਚ 9 ਦੀ ਮੌਤ ਹੋ ਗਈ। 30 ਤੋਂ ਵੱਧ ਲੋਕ ਜ਼ਖਮੀ ਹਨ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਗਜ਼ਰੀ ਬੱਸ ਅਹਿਮਦਾਬਾਦ ਤੋਂ ਵਲਸਾਡ ਜਾ ਰਹੀ ਸੀ। ਘਟਨਾ ਜ਼ਿਲ੍ਹੇ ਦੇ ਵੇਸਵਾਨ ਪਿੰਡ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੂੰ ਚੱਲਦੀ ਗੱਡੀ ਵਿੱਚ ਹੀ ਦਿਲ ਦਾ ਦੌਰਾ ਪੈ ਗਿਆ। ਇਸ ਕਾਰਨ ਉਹ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ, ਕਾਰ ਨਾਲ ਟਕਰਾ ਗਈ।
ਗੁਜਰਾਤ ਦੇ ਨਵਸਾਰੀ ਦੇ ਡੀਐਸਪੀ ਵੀਐਨ ਪਟੇਲ ਨੇ ਦੱਸਿਆ ਕਿ ਨਵਸਾਰੀ ਵਿੱਚ ਅਹਿਮਦਾਬਾਦ-ਮੁੰਬਈ ਹਾਈਵੇਅ ’ਤੇ ਬੱਸ-ਕਾਰ ਦੀ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਕ ਗੰਭੀਰ ਜ਼ਖਮੀ ਨੂੰ ਸੂਰਤ ਰੈਫਰ ਕਰ ਦਿੱਤਾ ਗਿਆ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਉਨ੍ਹਾਂ ਨੇ ਕਿਹਾ- ਗੁਜਰਾਤ ਦੇ ਨਵਸਾਰੀ ‘ਚ ਸੜਕ ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।