ਜੰਮੂ-ਕਸ਼ਮੀਰ, 21 ਅਕਤੂਬਰ 2024 – ਜੰਮੂ-ਕਸ਼ਮੀਰ ਦੇ ਗੰਦਰਬਲ ‘ਚ ਐਤਵਾਰ ਰਾਤ ਨੂੰ ਅੱਤਵਾਦੀਆਂ ਨੇ ਗੈਰ-ਸਥਾਨਕ ਲੋਕਾਂ ‘ਤੇ ਹਮਲਾ ਕੀਤਾ। ਇਸ ਵਿੱਚ ਇੱਕ ਡਾਕਟਰ ਸਮੇਤ 7 ਲੋਕਾਂ ਦੀ ਮੌਤ ਹੋ ਗਈ। 5 ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਉਨ੍ਹਾਂ ਨੂੰ ਸ਼੍ਰੀਨਗਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਸਾਰੇ ਮਜ਼ਦੂਰ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸੁਰੰਗ ਪ੍ਰਾਜੈਕਟ ਵਿੱਚ ਕੰਮ ਕਰ ਰਹੇ ਸਨ। ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਐਤਵਾਰ ਰਾਤ ਤੋਂ ਸ਼ੁਰੂ ਹੋਇਆ ਸਰਚ ਆਪਰੇਸ਼ਨ ਸੋਮਵਾਰ ਸਵੇਰੇ ਵੀ ਜਾਰੀ ਹੈ।
ਸੁਰੱਖਿਆ ਬਲਾਂ ਨੇ ਇਸ ਗੰਦਰਬਲ ਹਮਲੇ ਤੋਂ 50 ਕਿਲੋਮੀਟਰ ਦੂਰ ਬਾਰਾਮੂਲਾ ਵਿੱਚ ਇੱਕ ਅੱਤਵਾਦੀ ਨੂੰ ਵੀ ਮਾਰ ਦਿੱਤਾ ਹੈ। ਉਸ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਹੋਏ ਹਨ। ਇਸ ਇਲਾਕੇ ‘ਚ ਸਰਚ ਆਪਰੇਸ਼ਨ ਵੀ ਜਾਰੀ ਹੈ।
ਗੰਦਰਬਲ ‘ਚ ਜਿਸ ਖੇਤਰ ‘ਚ ਅੱਤਵਾਦੀ ਹਮਲਾ ਹੋਇਆ ਸੀ, ਉਹ ਸੀਐੱਮ ਉਮਰ ਅਬਦੁੱਲਾ ਦੇ ਵਿਧਾਨ ਸਭਾ ਖੇਤਰ ‘ਚ ਪੈਂਦਾ ਹੈ। ਉਨ੍ਹਾਂ ਕਿਹਾ- ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਪੀੜਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਇਸ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਹਮਲਾ ਦੇਸ਼ ਦੇ ਵਿਕਾਸ ‘ਚ ਯੋਗਦਾਨ ਪਾਉਣ ਵਾਲਿਆਂ ‘ਤੇ ਹੈ।