ਨਵੀਂ ਦਿੱਲੀ, 4 ਅਪ੍ਰੈਲ 2024 – ਐਲੋਨ ਮਸਕ ਦੀ ਇਲੈਕਟ੍ਰਿਕ ਵਾਹਨ (ਈਵੀ) ਨਿਰਮਾਣ ਕੰਪਨੀ ਟੇਸਲਾ ਇਸ ਮਹੀਨੇ ਭਾਰਤ ਵਿੱਚ ਇੱਕ ਟੀਮ ਭੇਜੇਗੀ, ਜੋ ਕਿ 2 ਤੋਂ 3 ਬਿਲੀਅਨ ਡਾਲਰ (16 ਹਜ਼ਾਰ ਕਰੋੜ ਤੋਂ 25 ਹਜ਼ਾਰ ਕਰੋੜ ਰੁਪਏ) ਦੇ ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਲਈ ਜਗ੍ਹਾ ਦੀ ਤਲਾਸ਼ ਕਰੇਗੀ। ਬ੍ਰਿਟੇਨ ਦੀ ਫਾਈਨੈਂਸ਼ੀਅਲ ਟਾਈਮਜ਼ ਨੇ ਆਪਣੀ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟ ਦੇ ਅਨੁਸਾਰ, ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਲਈ ਟੀਮ ਦਾ ਧਿਆਨ ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਆਟੋਮੋਟਿਵ ਹੱਬ ਰਾਜਾਂ ‘ਤੇ ਹੋਵੇਗਾ। ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਵਾਹਨ ਨਿਰਮਾਤਾਵਾਂ ਦੇ ਪਲਾਂਟ ਵੀ ਹਰਿਆਣਾ ‘ਚ ਹਨ ਪਰ ਟੇਸਲਾ ਦੀਆਂ ਫੈਕਟਰੀਆਂ ਹੋਰ ਤਿੰਨ ਸੂਬਿਆਂ ‘ਚ ਹੋਣਗੀਆਂ। ਇਸ ਦਾ ਕਾਰਨ ਇਨ੍ਹਾਂ ਰਾਜਾਂ ਦੀਆਂ ਬੰਦਰਗਾਹਾਂ ਹਨ, ਜਿੱਥੋਂ ਕਾਰਾਂ ਦੀ ਬਰਾਮਦ ਆਸਾਨ ਹੋਵੇਗੀ।
ਟੇਸਲਾ ਦੀ ਭਾਰਤ ‘ਚ ਐਂਟਰੀ ਦੀ ਇਹ ਖਬਰ ਅਜਿਹੇ ਸਮੇਂ ‘ਚ ਆਈ ਹੈ ਜਦੋਂ ਕੇਂਦਰ ਸਰਕਾਰ ਨੇ ਭਾਰਤ ਨੂੰ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਦਾ ਹੱਬ ਬਣਾਉਣ ਲਈ ਆਪਣੀ ਨਵੀਂ ਈਵੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਨੀਤੀ ‘ਚ ਕੰਪਨੀਆਂ ਲਈ ਘੱਟੋ-ਘੱਟ 4150 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਵਿਵਸਥਾ ਹੈ ਅਤੇ ਵੱਧ ਤੋਂ ਵੱਧ ਨਿਵੇਸ਼ ‘ਤੇ ਕੋਈ ਸੀਮਾ ਨਹੀਂ ਹੈ।
ਨੀਤੀ ਦੇ ਅਨੁਸਾਰ, ਵਿਦੇਸ਼ੀ ਕਾਰ ਨਿਰਮਾਤਾ ਕੰਪਨੀਆਂ ਨੂੰ ਭਾਰਤ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਤਿੰਨ ਸਾਲਾਂ ਦੇ ਅੰਦਰ ਦੇਸ਼ ਵਿੱਚ ਈਵੀ ਦਾ ਨਿਰਮਾਣ ਅਤੇ ਵਪਾਰਕ ਉਤਪਾਦਨ ਸ਼ੁਰੂ ਕਰਨਾ ਹੋਵੇਗਾ। ਵਣਜ ਅਤੇ ਉਦਯੋਗ ਮੰਤਰਾਲੇ (MoCI) ਵੱਲੋਂ ਅੱਜ (15 ਮਾਰਚ) ਨੂੰ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਟੇਸਲਾ ਭਾਰਤ ‘ਚ ਇਲੈਕਟ੍ਰਿਕ ਕਾਰਾਂ ਦੇ ਨਾਲ-ਨਾਲ ਬੈਟਰੀ ਸਟੋਰੇਜ ਸਿਸਟਮ ਦਾ ਨਿਰਮਾਣ ਅਤੇ ਵੇਚਣਾ ਚਾਹੁੰਦੀ ਹੈ। ਕੰਪਨੀ ਨੇ ਇਸ ਦੇ ਲਈ ਭਾਰਤੀ ਅਧਿਕਾਰੀਆਂ ਨੂੰ ਪ੍ਰਸਤਾਵ ਦਿੱਤਾ ਸੀ।