ਅੰਬਾਲਾ, 27 ਜਨਵਰੀ 2023 – ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਇਕ ਗੁਰਦੁਆਰੇ ‘ਚ ਚੋਰਾਂ ਵੱਲੋਂ ਚੋਰੀ ਅਤੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਗੋਲਕ, ਲਾਊਡ ਸਪੀਕਰ ਅਤੇ ਇਲੈਕਟ੍ਰਿਕ ਚੁੱਲ੍ਹਾ ਚੋਰੀ ਕਰਕੇ ਲੈ ਗਏ। ਐਨਾ ਹੀ ਨਹੀਂ ਚੋਰ ਜੁੱਤੀ ਪਾ ਕੇ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਕ੍ਰਿਪਾਨ ਨਾਲ ਗੋਲਕ ਨੂੰ ਤੋੜ ਦਿੱਤਾ। ਇਹ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਗੁਰਦੁਆਰਾ ਸਭਾ ਦੀ ਕਮੇਟੀ ਦੇ ਪ੍ਰਧਾਨ ਨੇ ਇਸ ਸਬੰਧੀ ਥਾਣੇ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਗੁਰਦੁਆਰਾ ਸਾਹਿਬ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਜਸਮੀਤ ਸਿੰਘ ਨੇ ਦੱਸਿਆ ਕਿ 23 ਜਨਵਰੀ ਨੂੰ ਰਾਤ 1.30 ਵਜੇ ਗੁਰਦੁਆਰਾ ਸਾਹਿਬ ਸਿੰਘ ਸਭਾ ਪਿੰਡ ਬੇਗਮਪੁਰ ਵਿੱਚ ਇੱਕ ਨੌਜਵਾਨ ਦਾਖਲ ਹੋਇਆ, ਜਿਸ ਨੇ ਗੁਰਦੁਆਰਾ ਸਾਹਿਬ ਦੀ ਗੋਲਕ, ਲਾਊਡ ਸਪੀਕਰ ਅਤੇ ਬਿਜਲੀ ਦਾ ਇਲੈਕਟ੍ਰਿਕ ਚੁੱਲ੍ਹਾ ਚੋਰੀ ਕਰ ਲਿਆ। ਇਹ ਜਾਣਕਾਰੀ ਸੇਵਾ ਕਰਨ ਗਏ ਨੌਜਵਾਨ ਨੇ ਦਿੱਤੀ।
ਪ੍ਰਧਾਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਉਪਰਲੀ ਚਾਰਦੀਵਾਰੀ ਦੀ ਖਿੜਕੀ ਟੁੱਟੀ ਹੋਈ ਸੀ। ਜਦੋਂ ਉਸ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਇੱਕ ਨੌਜਵਾਨ ਮੂੰਹ ਤੇ ਕੱਪੜਾ ਬੰਨ੍ਹ ਕੇ ਅਤੇ ਪੈਰਾਂ ‘ਚ ਜੁੱਤੀ ਪਾ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸ ਤੋਂ ਬਾਅਦ ਉਥੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪ੍ਰਧਾਨ ਨੇ ਦੋਸ਼ ਲਾਇਆ ਕਿ ਚੋਰੀ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਪਿੰਡ ਦਾ ਹੀ ਸੰਦੀਪ ਉਰਫ ਦੀਪੂ ਹੈ। ਉਸ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਨੇ ਦੱਸਿਆ ਕਿ ਸੰਦੀਪ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੇ ਸਰੂਪ ਨੂੰ ਚੁੱਕ ਲਿਆ ਅਤੇ ਫਿਰ ਲੱਕੜ ਦੇ ਗੋਲਕ ਨੂੰ ਤੋੜ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਧਾਰਾ 457, 380 ਅਤੇ 295ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।