ਉੱਤਰ ਪ੍ਰਦੇਸ਼, 3 ਨਵੰਬਰ 2024 – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਇਕ ਸੰਦੇਸ਼ ਮੁੰਬਈ ਪੁਲਸ ਨੂੰ ਮਿਲਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਕੁੜੀ ਦੀ ਪਛਾਣ ਫਾਤਿਮਾ ਖਾਨ (24) ਵਜੋਂ ਕੀਤੀ ਗਈ ਹੈ, ਉਹ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਇਲਾਕੇ ‘ਚ ਰਹਿੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸੂਚਨਾ ਤਕਨਾਲੋਜੀ ‘ਚ ਬੀਐੱਸਸੀ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਲੱਕੜੀ ਦਾ ਕਾਰੋਬਾਰ ਹੈ। ਪੁਲਸ ਨੇ ਦੱਸਿਆ ਕਿ ਕੁੜੀ ਸਿੱਖਿਅਤ ਹੈ ਪਰ ਮਾਨਸਿਕ ਰੂਪ ਨਾਲ ਅਸਥਿਰ ਹੈ।
ਅਧਿਕਾਰੀ ਨੇ ਦੱਸਿਆ ਕਿ ਮੁੰਬਈ ਆਵਾਜਾਈ ਪੁਲਸ ਦੇ ਵਟਸਐਪ ‘ਤੇ ਸ਼ਨੀਵਾਰ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਇਕ ਸੰਦੇਸ਼ ਆਇਆ, ਜਿਸ ‘ਚ ਧਮਕੀ ਦਿੱਤੀ ਗਈ ਕਿ ਜੇਕਰ ਆਦਿਤਿਆਨਾਥ ਨੇ 10 ਦਿਨਾਂ ਦੇ ਅੰਦਰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਤਾਂ ਉਨ੍ਹਾਂ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਆਗੂ ਬਾਬਾ ਸਿੱਦੀਕੀ ਦੀ ਤਰ੍ਹਾਂ ਮਾਰ ਦਿੱਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਜਾਂਚ ‘ਚ ਪਤਾ ਲੱਗਾ ਕਿ ਫਾਤਿਮਾ ਨੇ ਇਹ ਸੰਦੇਸ਼ ਭੇਜਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਮੁੰਬਈ ਅੱਤਵਾਦ ਵਿਰੋਧਈ ਦਸਤੇ (ਏਟੀਐੱਸ) ਨੇ ਉਲਹਾਸਨਗਰ ਪੁਲਸ ਨਾਲ ਸਾਂਝੀ ਮੁਹਿੰਮ ‘ਚ ਕੁੜੀ ਦਾ ਪਤਾ ਲਗਾਇਆ ਅਤੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਅਧਿਕਾਰੀ ਨੇ ਦੱਸਿਆ ਕਿ ਆਦਿਤਿਆਨਾਥ ਰਾਜ ਵਿਧਾਨ ਸਭਾ ਚੋਣ ਪ੍ਰਚਾਰ ਲਈ ਮਹਾਰਾਸ਼ਟਰ ਆ ਸਕਦੇ ਹਨ ਅਤੇ ਇਸ ਕਾਰਨ ਪੁਲਸ ਅਲਰਟ ‘ਤੇ ਹੈ। ਮੁੰਬਈ ਦੇ ਬਾਂਦਰਾ ਇਲਾਕੇ ‘ਚ 12 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।