ਪਟਨਾ ਸਾਹਿਬ, 29 ਮਾਰਚ 2023 – ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਪਹਿਲੀ ਵਾਰ ਸਿੱਖ ਧਰਮ ਦੇ ਦੋ ਅਹਿਮ ਤਖ਼ਤ ਸਾਹਿਬਾਨਾਂ ਵਿਚਾਲੇ ਰੇਲਗੱਡੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਰੇਲ ਸੇਵਾ ਨਾਰਦਨ ਰੇਲਵੇ ਵੱਲੋਂ ਸ਼ੁਰੂ ਕੀਤੀ ਜਾਵੇਗੀ। ਜਿਸ ਤਹਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੂੰ ਭਾਰਤ ਗੌਰਵ ਟੂਰਿਸਟ ਟਰੇਨ ਸ਼ੁਰੂ ਕੀਤੀ ਜਾਵੇਗੀ। ਇਹ ਟਰੇਨ 9 ਅਪ੍ਰੈਲ ਨੂੰ 7 ਦਿਨਾਂ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਬੀਦਰ ਦਾ ਪਵਿੱਤਰ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਗੁਰਦੁਆਰਾ ਵੀ ਇਸ ਯਾਤਰਾ ਵਿਚ ਸ਼ਾਮਲ ਹੋਵੇਗਾ। ਇਸ ਦੌਰਾਨ ਟਰੇਨ ਤਕਰੀਬਨ 5100 ਕਿੱਲੋਮੀਟਰ ਦਾ ਸਫ਼ਰ ਕਰੇਗੀ।
ਅਧਿਕਾਰੀਆਂ ਮੁਤਾਬਕ ਇਸ ਰੇਲ ਵਿਚ ਸਲੀਪਰ ਕਲਾਸ ਦੇ ਕੁੱਲ੍ਹ 9 ਕੋਚ, ਥਰਡ ਏ.ਸੀ. ਤੇ ਸੈਕੰਡ ਏ.ਸੀ. ਦੇ ਇਕ-ਇਕ ਕੋਚ ਨਾਲ 600 ਯਾਤਰੀ ਯਾਤਰਾ ਕਰ ਸਕਣਗੇ। ਰੇਲਵੇ ਵੱਲੋਂ ਪ੍ਰਤੀ ਵਿਅਕਤੀ ਸਲੀਪਰ ਕਲਾਸ ਦਾ ਕਿਰਾਇਆ 14100 ਰੁਪਏ, ਏ.ਸੀ. ਥਰਡ ਕਲਾਸ ਦਾ ਕਿਰਾਇਆ 24200 ਰੁਪਏ ਅਤੇ ਏਸੀ ਸੈਕੰਡ ਕਲਾਸ ਦਾ ਕਿਰਾਇਆ 32300 ਰੁਪਏ ਰੱਖਿਆ ਗਿਆ ਹੈ। ਪੈਟੀ ਕੋਚ ਦੀ ਸਹੂਲਤ ਵਾਲੀ ਇਸ ਟ੍ਰੇਨ ਵਿਚ ਯਾਤਰੀਆਂ ਨੂੰ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ।