ਮੱਧ ਪ੍ਰਦੇਸ਼, 5 ਦਸੰਬਰ 2022 – ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਸ਼ਹਿਰ ਤੋਂ ਕਰੀਬ 27 ਕਿਲੋਮੀਟਰ ਦੂਰ ਸਤਰੁੰਡਾ ਚੌਰਾਹੇ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਬੈਠੇ ਲੋਕਾਂ ਨੂੰ ਦਰੜ ਦਿੱਤਾ। 5 ਲੋਕਾਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਬਾਅਦ ਵਿੱਚ 2 ਹੋਰ ਲੋਕਾਂ ਨੇ ਵੀ ਦਮ ਤੋੜ ਦਿੱਤਾ।
ਸੜਕ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦੇਖਿਆ ਗਿਆ ਕਿ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆਉਂਦਾ ਹੈ। ਪਹਿਲਾਂ ਟਰੱਕ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਫਿਰ ਇਹ ਡਿਵਾਈਡਰ ਵੱਲ ਬੱਸ ਦੀ ਉਡੀਕ ਕਰ ਰਹੇ ਲੋਕਾਂ ਨੂੰ ਲਤਾੜਦਾ ਹੋਇਆ ਅੱਗੇ ਨਿਕਲ ਗਿਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਬਿਲਪੰਕ ਥਾਣੇ ਦੀ ਪੁਲਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਅਤੇ ਮੈਡੀਕਲ ਕਾਲਜ ਪਹੁੰਚਾਇਆ। 10 ਜ਼ਖ਼ਮੀਆਂ ਵਿੱਚੋਂ 2 ਗੰਭੀਰ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਦੋ ਹੋਰ ਗੰਭੀਰ ਜ਼ਖਮੀਆਂ ਨੂੰ ਇੰਦੌਰ ਰੈਫਰ ਕੀਤਾ ਗਿਆ ਹੈ। 8 ਜ਼ਖਮੀਆਂ ਨੂੰ ਨਿੱਜੀ ਅਤੇ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਐਤਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਸਤਰੁੰਡਾ ਚੌਰਾਹੇ ‘ਤੇ ਕੁਝ ਲੋਕ ਸੜਕ ਕਿਨਾਰੇ ਬੱਸ ਦੀ ਉਡੀਕ ਕਰ ਰਹੇ ਸਨ, ਜਦੋਂ ਹਾਈਵੇਅ ਤੋਂ ਲੰਘ ਰਿਹਾ ਟਰੱਕ ਬੇਕਾਬੂ ਹੋ ਗਿਆ ਅਤੇ ਲੋਕਾਂ ਨੂੰ ਕੁਚਲ ਦਿੱਤਾ।
ਇਸ ਹਾਦਸੇ ਵਿੱਚ ਡੇਢ ਸਾਲ ਦਾ ਬੱਚਾ ਕਿਆਂਸ਼ ਅਤੇ ਉਸਦੀ ਮਾਂ ਵੀ ਜ਼ਖਮੀ ਹੋ ਗਏ। ਹਫੜਾ-ਦਫੜੀ ਦੌਰਾਨ ਡੇਢ ਸਾਲ ਦਾ ਮਾਸੂਮ ਮੌਕੇ ‘ਤੇ ਹੀ ਰਹਿ ਗਿਆ, ਜਿਸ ਨੂੰ ਸਥਾਨਕ ਭਾਜਪਾ ਆਗੂ ਪਦਮਾ ਜੈਸਵਾਲ ਨੇ ਸੰਭਾਲਿਆ ਅਤੇ ਬਾਅਦ ‘ਚ ਕਲੈਕਟਰ ਅਤੇ ਐੱਸ.ਪੀ. ਉਸ ਨੂੰ ਜ਼ਿਲਾ ਹਸਪਤਾਲ ਰਤਲਾਮ ਲੈ ਗਏ, ਜਿੱਥੇ ਉਸ ਨੂੰ ਬੱਚੇ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।
ਚਸ਼ਮਦੀਦ ਅਤੇ ਜ਼ਖਮੀ ਪੂਜਾ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦੇ 7-8 ਲੋਕ ਸਤਰੁੰਡਾ ਮਾਤਾ ਜੀ ਦੇ ਦਰਸ਼ਨ ਕਰਨ ਆਏ ਸਨ। ਦਰਸ਼ਨ ਕਰਨ ਤੋਂ ਬਾਅਦ ਉਹ ਸਤਰੁੰਡਾ ਚੌਰਾਹੇ ’ਤੇ ਬੱਸ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਇਕ ਟਰੱਕ ਬੇਕਾਬੂ ਹੋ ਕੇ ਆ ਗਿਆ ਅਤੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕੁਝ ਸਮਝ ਨਹੀਂ ਆਇਆ।