ਜੰਮੂ-ਕਸ਼ਮੀਰ, 6 ਨਵੰਬਰ 2024 – ਮੰਗਲਵਾਰ ਨੂੰ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ 6 ਘੰਟਿਆਂ ਦੇ ਅੰਦਰ ਦੋ ਮੁਕਾਬਲੇ ਹੋਏ। ਮੰਗਲਵਾਰ ਰਾਤ ਕਰੀਬ 11.30 ਵਜੇ ਕੁਪਵਾੜਾ ਜ਼ਿਲੇ ਦੇ ਲੋਲਾਬ ਜੰਗਲੀ ਖੇਤਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਇਸ ਤੋਂ ਬਾਅਦ ਉਥੇ ਤਲਾਸ਼ੀ ਮੁਹਿੰਮ ਚਲਾਈ ਗਈ।
ਮੰਗਲਵਾਰ ਨੂੰ ਹੀ ਬਾਂਦੀਪੋਰਾ ਦੇ ਕੇਟਸਨ ਫੋਰੈਸਟ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ ਸੀ। ਜਿਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਫੌਜ ਅਤੇ ਸੀਆਰਪੀਐਫ ਦਾ ਇੱਕ-ਇੱਕ ਜਵਾਨ ਜ਼ਖ਼ਮੀ ਹੋ ਗਿਆ।
ਅਧਿਕਾਰੀਆਂ ਮੁਤਾਬਕ ਸੁਰੱਖਿਆ ਬਲਾਂ ਨੂੰ ਬਾਂਦੀਪੋਰਾ ਦੇ ਚੌਂਤਪਥਰੀ ਜੰਗਲ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ‘ਚ ਇਕ ਅੱਤਵਾਦੀ ਮਾਰਿਆ ਗਿਆ। ਇਲਾਕੇ ਵਿੱਚ ਇੱਕ ਹੋਰ ਅੱਤਵਾਦੀ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਉਸ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਇਸ ਤੋਂ ਪਹਿਲਾਂ 2 ਨਵੰਬਰ ਨੂੰ ਵੀ ਸ੍ਰੀਨਗਰ ਦੇ ਖਾਨਯਾਰ ਵਿੱਚ ਇੱਕ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਸੀ। ਇਸ ਮੁਕਾਬਲੇ ‘ਚ ਚਾਰ ਜਵਾਨ ਜ਼ਖਮੀ ਹੋ ਗਏ ਸਨ। ਨਵੰਬਰ ਦੀ ਸ਼ੁਰੂਆਤ ‘ਚ ਹੀ ਸ਼੍ਰੀਨਗਰ, ਬਾਂਦੀਪੋਰਾ ਅਤੇ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ 3 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ ‘ਚ 4 ਜਵਾਨ ਜ਼ਖਮੀ ਹੋ ਗਏ ਅਤੇ 3 ਅੱਤਵਾਦੀ ਮਾਰੇ ਗਏ। 2 ਨਵੰਬਰ ਨੂੰ ਮਾਰੇ ਗਏ ਅੱਤਵਾਦੀਆਂ ‘ਚੋਂ ਇਕ ਦੀ ਪਛਾਣ ਜ਼ਾਹਿਦ ਰਾਸ਼ਿਦ ਵਜੋਂ ਹੋਈ ਸੀ। ਦੂਜੇ ਸਨ ਅਰਬਾਜ਼ ਅਹਿਮਦ ਮੀਰ। ਦੋਵਾਂ ਨੇ ਪਾਕਿਸਤਾਨ ਤੋਂ ਸਿਖਲਾਈ ਲਈ ਸੀ। ਬਾਂਦੀਪੋਰਾ ‘ਚ ਚੌਥਾ ਮੁਕਾਬਲਾ ਚੱਲ ਰਿਹਾ ਹੈ।