ਨਵੀਂ ਦਿੱਲੀ, 3 ਨਵੰਬਰ 2024 – ਇਸ ਮਹੀਨੇ 2 ਦਿਨ ਐੱਚ.ਡੀ.ਐੱਫ.ਸੀ. ਬੈਂਕ ਦਾ ਯੂ.ਪੀ.ਆਈ. ਬੰਦ ਰਹੇਗਾ ਅਤੇ ਲੋਕ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਇਹ ਜਾਣਕਾਰੀ ਬੈਂਕ ਨੇ ਆਪਣੇ ਗਾਹਕਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ।
ਐੱਚ.ਡੀ.ਐੱਫ.ਸੀ. ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਨਵੰਬਰ ’ਚ 2 ਦਿਨ ਤੱਕ ਬੈਂਕ ਦੀ ਯੂ.ਪੀ.ਆਈ. ਸੇਵਾ ਦੀ ਵਰਤੋਂ ਨਹੀਂ ਕਰ ਸਕਣਗੇ। ਬੈਂਕ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਜ਼ਰੂਰੀ ਸਿਸਟਮ ਮੈਂਟੀਨੈਂਸ ਕਾਰਨ ਨਵੰਬਰ ’ਚ 2 ਦਿਨ ਐੱਚ.ਡੀ.ਐੱਫ.ਸੀ. ਬੈਂਕ ਦੀ ਯੂ.ਪੀ.ਆਈ. ਸੇਵਾ ਬੰਦ ਰਹੇਗੀ। ਐੱਚ.ਡੀ.ਐੱਫ.ਸੀ. ਬੈਂਕ ਦੀ ਯੂ.ਪੀ.ਆਈ. ਸੇਵਾ ਦੀ ਵਰਤੋਂ ਕਰਨ ਵਾਲੇ ਗਾਹਕ 5 ਅਤੇ 23 ਨਵੰਬਰ ਨੂੰ ਯੂ.ਪੀ.ਆਈ. ਰਾਹੀਂ ਨਾ ਤਾਂ ਪੈਸੇ ਭੇਜ ਸਕਣਗੇ ਅਤੇ ਨਾ ਹੀ ਪੈਸੇ ਪ੍ਰਾਪਤ ਕਰ ਸਕਣਗੇ।
ਬੈਂਕ ਨੇ ਕਿਹਾ ਕਿ 5 ਨਵੰਬਰ ਨੂੰ ਦੇਰ ਰਾਤ 12 ਵਜੇ ਤੋਂ ਲੈ ਕੇ 2 ਵਜੇ ਤੱਕ 2 ਘੰਟਿਆਂ ਲਈ ਅਤੇ ਫਿਰ 23 ਨਵੰਬਰ ਨੂੰ ਵੀ ਦੇਰ ਰਾਤ 12 ਤੋਂ ਲੈ ਕੇ 3 ਵਜੇ ਤੱਕ 3 ਘੰਟਿਆਂ ਲਈ ਬੈਂਕ ਦੀਆਂ ਯੂ.ਪੀ.ਆਈ. ਸੇਵਾਵਾਂ ਬੰਦ ਰਹਿਣਗੀਆਂ। ਬੈਂਕ ਨੇ ਕਿਹਾ ਹੈ ਕਿ ਇਸ ਦੌਰਾਨ ਐੱਚ.ਡੀ.ਐੱਫ.ਸੀ. ਬੈਂਕ ਦੇ ਚਾਲੂ ਅਤੇ ਬੱਚਤ ਖਾਤਿਆਂ ਦੇ ਨਾਲ-ਨਾਲ ਰੂਪੇ ਕਾਰਡ ’ਤੇ ਵੀ ਕਿਸੇ ਤਰ੍ਹਾਂ ਦੇ ਵਿੱਤੀ ਅਤੇ ਗ਼ੈਰ-ਵਿੱਤੀ ਯੂ.ਪੀ.ਆਈ. ਲੈਣ-ਦੇਣ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ, ਜੋ ਦੁਕਾਨਦਾਰ ਐੱਚ.ਡੀ.ਐੱਫ.ਸੀ. ਬੈਂਕ ਦੀ ਯੂ.ਪੀ.ਆਈ. ਸੇਵਾ ਤੋਂ ਭੁਗਤਾਨ ਲੈਂਦੇ ਹਨ, ਉਹ ਵੀ ਇਸ ਦੌਰਾਨ ਭੁਗਤਾਨ ਨਹੀਂ ਲੈ ਸਕਣਗੇ।