- 4 ਦਿਨ ਹੀ ਭਾਰਤ ‘ਚ ਰੁਕਣਗੇ,
- 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ‘ਚ ਕਰਨਗੇ ਸ਼ਿਰਕਤ,
- ਸੁਰੱਖਿਆ ਲਈ 60 ਵਾਹਨਾਂ ਦਾ ਵੱਡਾ ਕਾਫਲਾ ਚੱਲੇਗਾ ਨਾਲ
ਨਵੀਂ ਦਿੱਲੀ, 7 ਸਤੰਬਰ 2023 – ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਪਹਿਲੀ ਵਾਰ 7 ਸਤੰਬਰ ਨੂੰ 4 ਦਿਨਾਂ ਦੌਰੇ ‘ਤੇ ਭਾਰਤ ਆ ਰਹੇ ਹਨ। ਉਹ ਏਅਰਫੋਰਸ-1 ਰਾਹੀਂ ਦਿੱਲੀ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਦਾ ਸਵਾਗਤ ਕਰ ਸਕਦੇ ਹਨ। 8 ਸਤੰਬਰ ਨੂੰ ਬਾਈਡਨ-ਪੀਐਮ ਮੋਦੀ ਨਾਲ ਦੋ-ਪੱਖੀ ਬੈਠਕ ਵੀ ਕਰਨਗੇ।
ਇਸ ਤੋਂ ਬਾਅਦ ਉਹ 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ‘ਚ ਸ਼ਿਰਕਤ ਕਰਨਗੇ। ਬਾਈਡਨ ਨੂੰ ਦਿੱਲੀ ਦੇ ਆਈਟੀਸੀ ਮੌਰਿਆ ਹੋਟਲ ਵਿੱਚ ਠਹਿਰਾਇਆ ਜਾਵੇਗਾ। ਬਾਈਡਨ ਦੀ ਸੁਰੱਖਿਆ ਲਈ ਅਮਰੀਕਾ ਦੀ ਸੀਕ੍ਰੇਟ ਸਰਵਿਸ ਟੀਮ 3 ਦਿਨ ਪਹਿਲਾਂ ਭਾਰਤ ਪਹੁੰਚ ਚੁੱਕੀ ਹੈ।
ਬਾਈਡਨ ਸੀਕ੍ਰੇਟ ਸਰਵਿਸ ਦੇ 300 ਕਮਾਂਡੋਜ਼ ਦੀ ਸੁਰੱਖਿਆ ਹੇਠ ਹੋਣਗੇ। ਦਿੱਲੀ ਦੀਆਂ ਸੜਕਾਂ ‘ਤੇ ਨਿਕਲਣ ਵਾਲਾ ਸਭ ਤੋਂ ਵੱਡਾ ਕਾਫਲਾ ਵੀ ਉਨ੍ਹਾਂ ਦਾ ਹੀ ਹੋਵੇਗਾ, ਜਿਸ ‘ਚ 55-60 ਗੱਡੀਆਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਬਿਡੇਨ ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਾਰ ‘ਦ ਬੀਸਟ’ ਵੀ ਭਾਰਤ ਲਿਆਂਦੀ ਜਾ ਰਹੀ ਹੈ। ਉਹ ਇਸ ਕਾਰ ‘ਚ ਬੈਠ ਕੇ ਜੀ-20 ਸੰਮੇਲਨ ‘ਚ ਜਾਣਗੇ।
ਕਦੇ ਪਾਕਿਸਤਾਨ ਦਾ ਹਮਾਇਤੀ ਰਿਹਾ ਅਮਰੀਕਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਭਾਰਤ ਨੂੰ ਆਪਣਾ ਮਿੱਤਰ ਦੱਸ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਅਮਰੀਕਾ ਨਾਲ ਰਣਨੀਤਕ ਭਾਈਵਾਲੀ ਵਧਾਉਣ ‘ਤੇ ਵੀ ਧਿਆਨ ਦੇ ਰਿਹਾ ਹੈ।