ਨਵੀਂ ਦਿੱਲੀ, 4 ਸਤੰਬਰ 2024 – ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਆਪਣਾ ਸਿਆਸੀ ਸਫਰ ਸ਼ੁਰੂ ਕਰ ਸਕਦੇ ਹਨ।
ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਸੰਕੇਤ ਮਿਲ ਰਹੇ ਹਨ ਕਿ ਇਹ ਦੋਵੇਂ ਚੋਣ ਲੜ ਸਕਦੇ ਹਨ।ਇਸ ਤੋਂ ਪਹਿਲਾਂ ਕਾਂਗਰਸ ਨੇ ਦੋਵਾਂ ਪਹਿਲਵਾਨਾਂ ਨੂੰ ਟਿਕਟਾਂ ਦੀ ਪੇਸ਼ਕਸ਼ ਕੀਤੀ ਸੀ। ਵਿਨੇਸ਼ ਨੂੰ 3 ਸੀਟਾਂ ਦਾ ਵਿਕਲਪ ਦਿੱਤਾ ਗਿਆ ਅਤੇ ਬਜਰੰਗ ਨੂੰ 2 ਸੀਟਾਂ ਦਾ ਵਿਕਲਪ ਦਿੱਤਾ ਗਿਆ ਹੈ।
ਕਾਂਗਰਸ ਇਨ੍ਹਾਂ ਦੋਵਾਂ ਨੂੰ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਕਾਂਗਰਸ ਅਜੇ ਵੀ ਵਿਨੇਸ਼ ਫੋਗਾਟ ਦੀ ਹਾਂ ਦਾ ਇੰਤਜ਼ਾਰ ਕਰ ਰਹੀ ਹੈ। ਕਾਂਗਰਸ ਨੂੰ ਬਜਰੰਗ ਪੂਨੀਆ ਦੇ ਚੋਣ ਲੜਨ ਦੇ ਹਾਂ-ਪੱਖੀ ਸੰਕੇਤ ਮਿਲੇ ਹਨ ਪਰ ਮਾਮਲਾ ਵਿਨੇਸ਼ ‘ਤੇ ਟਿੱਕਿਆ ਹੋਇਆ ਹੈ।
ਇਸ ਸਬੰਧੀ ਕਾਂਗਰਸ ਦੇ ਸੂਬਾ ਇੰਚਾਰਜ ਦੀਪਕ ਬਾਰੀਆ ਨੇ ਬੀਤੇ ਕੱਲ੍ਹ (ਮੰਗਲਵਾਰ) ਕਿਹਾ ਸੀ ਕਿ ਚੋਣ ਲੜਨ ਦਾ ਫੈਸਲਾ ਵਿਨੇਸ਼ ਫੋਗਾਟ ਦਾ ਹੋਵੇਗਾ। ਇਸ ਸਬੰਧੀ ਸਥਿਤੀ ਅੱਜ (ਬੁੱਧਵਾਰ) ਨੂੰ ਸਪੱਸ਼ਟ ਹੋ ਜਾਵੇਗੀ।