ਇੰਫਾਲ, 23 ਜੁਲਾਈ 2023 – ਮਣੀਪੁਰ ‘ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਬਿਸ਼ਨੂਪੁਰ ਜ਼ਿਲੇ ‘ਚ ਸ਼ਨੀਵਾਰ ਰਾਤ ਦੋ ਗੁੱਟਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋਈ। ਔਰਤਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਟਾਇਰ ਸਾੜੇ। ਮੀਡੀਆ ਰਿਪੋਰਟਾਂ ਮੁਤਾਬਕ ਬਿਸ਼ਨੂਪੁਰ ਜ਼ਿਲੇ ਦੀ ਤਰੋਬੰਗ ਗ੍ਰਾਮ ਪੰਚਾਇਤ ‘ਚ ਕੁਕੀ ਭਾਈਚਾਰੇ ਦੇ ਸੌ ਤੋਂ ਵੱਧ ਲੋਕਾਂ ਨੇ ਮੇਤੇਈ ਭਾਈਚਾਰੇ ਦੇ ਕੁਝ ਘਰਾਂ ਅਤੇ ਇਕ ਸਕੂਲ ਨੂੰ ਸਾੜ ਦਿੱਤਾ। ਸੁਰੱਖਿਆ ਬਲਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਕੁੰਬੀ ਤੋਂ ਭਾਜਪਾ ਵਿਧਾਇਕ ਸਨਾਸਮ ਪ੍ਰੇਮਚੰਦਰ ਸਿੰਘ ਨੇ ਕਿਹਾ ਕਿ ਇਹ ਸਾਰੇ ਚੂਰਾਚੰਦਪੁਰ ਜ਼ਿਲ੍ਹੇ ਤੋਂ ਆਏ ਸਨ ਅਤੇ ਅਚਾਨਕ ਹਮਲਾ ਕਰ ਦਿੱਤਾ।
ਜਿਕਰਯੋਗ ਹੈ ਕਿ ਮਣੀਪੁਰ ਵਿੱਚ 80 ਦਿਨਾਂ ਤੋਂ ਵੱਧ ਸਮੇਂ ਤੋਂ ਨਸਲੀ ਹਿੰਸਾ ਜਾਰੀ ਹੈ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲ ਹੀ ‘ਚ ਕੁੱਕੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਨੰਗਾ ਕਰਕੇ ਸੜਕ ‘ਤੇ ਘੁੰਮਾਉਣ ਦਾ ਵੀਡੀਓ ਸਾਹਮਣੇ ਆਇਆ ਸੀ। ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਔਰਤਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ‘ਚ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 19 ਸਾਲ ਹੈ ਅਤੇ ਦੂਜਾ ਨਾਬਾਲਗ ਹੈ। ਇਸ ਮਾਮਲੇ ਵਿੱਚ ਹੁਣ ਤੱਕ ਛੇ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ 20 ਜੁਲਾਈ ਨੂੰ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।