- 5 ਜ਼ਿਲਿਆਂ ‘ਚ ਕਰਫਿਊ, 7 ‘ਚ ਇੰਟਰਨੈੱਟ ਬੰਦ
ਮਣੀਪੁਰ, 17 ਨਵੰਬਰ 2024 – ਮਣੀਪੁਰ ਵਿੱਚ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਸ਼ਨੀਵਾਰ ਨੂੰ ਹਿੰਸਕ ਹੋ ਗਿਆ। ਮੈਤਈ ਦੇ ਪ੍ਰਭਾਵ ਵਾਲੀ ਇੰਫਾਲ ਘਾਟੀ ਵਿਚ ਪ੍ਰਦਰਸ਼ਨਕਾਰੀਆਂ ਨੇ ਰਾਜ ਸਰਕਾਰ ਦੇ ਤਿੰਨ ਮੰਤਰੀਆਂ ਅਤੇ ਭਾਜਪਾ ਦੇ ਛੇ ਵਿਧਾਇਕਾਂ ਦੇ ਘਰਾਂ ‘ਤੇ ਹਮਲਾ ਕੀਤਾ। ਭੜਕੀ ਭੀੜ ਨੇ ਮੰਤਰੀ ਸਪਮ ਰੰਜਨ, ਮੁੱਖ ਮੰਤਰੀ ਬੀਰੇਨ ਸਿੰਘ ਦੇ ਜਵਾਈ ਅਤੇ ਭਾਜਪਾ ਵਿਧਾਇਕ ਆਰਕੇ ਇਮੋ ਸਿੰਘ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ। ਦੇਰ ਰਾਤ ਗੁੱਸੇ ਵਿੱਚ ਆਈ ਭੀੜ ਮੁੱਖ ਮੰਤਰੀ ਬੀਰੇਨ ਸਿੰਘ ਦੇ ਘਰ ਵੀ ਪਹੁੰਚ ਗਈ।
ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸੁਰੱਖਿਆ ਬਲਾਂ ਨੂੰ ਅੱਥਰੂ ਗੈਸ ਦੇ ਗੋਲੇ ਅਤੇ ਹਵਾਈ ਫਾਇਰਿੰਗ ਕਰਨੀ ਪਈ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ 5 ਜ਼ਿਲਿਆਂ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਕੁਝ ਮੰਤਰੀਆਂ ਸਮੇਤ ਭਾਜਪਾ ਦੇ 19 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਪੱਤਰ ਭੇਜ ਕੇ ਬੀਰੇਨ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੂਤਰਾਂ ਮੁਤਾਬਕ ਜੇਕਰ ਅਗਲੇ ਦੋ-ਤਿੰਨ ਦਿਨਾਂ ‘ਚ ਹਾਲਾਤ ਵਿਗੜਦੇ ਹਨ ਤਾਂ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ।
ਸ਼ਨੀਵਾਰ ਨੂੰ ਜਿਰੀਬਾਮ ਵਿੱਚ ਬਰਾਕ ਨਦੀ ਦੇ ਕਿਨਾਰੇ ਤੋਂ ਦੋ ਔਰਤਾਂ ਅਤੇ ਇੱਕ ਬੱਚੇ ਦੀਆਂ ਲਾਸ਼ਾਂ ਮਿਲੀਆਂ ਸਨ। ਸ਼ੱਕ ਹੈ ਕਿ ਉਨ੍ਹਾਂ ਨੂੰ ਕੂਕੀ ਅੱਤਵਾਦੀਆਂ ਨੇ 11 ਨਵੰਬਰ ਨੂੰ ਜਿਰੀਬਾਮ ਤੋਂ ਅਗਵਾ ਕਰ ਲਿਆ ਸੀ। ਉਸੇ ਦਿਨ ਸੁਰੱਖਿਆ ਬਲਾਂ ਨੇ 10 ਬੰਦੂਕਧਾਰੀ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਜਦੋਂਕਿ ਕੁਕੀ-ਜੋ ਸੰਗਠਨ ਨੇ ਇਨ੍ਹਾਂ 10 ਵਿਅਕਤੀਆਂ ਨੂੰ ਪਿੰਡ ਦੇ ਪਹਿਰੇਦਾਰ ਦੱਸਿਆ ਸੀ। ਇਸ ਦੇ ਨਾਲ ਹੀ ਸ਼ੁੱਕਰਵਾਰ ਰਾਤ ਨੂੰ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ।