ਨਵੀਂ ਦਿੱਲੀ, 9 ਅਗਸਤ 2025 – ਦੱਖਣ-ਪੂਰਬੀ ਦਿੱਲੀ ਦੇ ਜੈਤਪੁਰ ਇਲਾਕੇ ‘ਚ ਸ਼ਨੀਵਾਰ ਨੂੰ ਭਾਰੀ ਮੀਂਹ ਦੌਰਾਨ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਘਰ ਦੀ ਕੰਧ ਡਿੱਗਣ ਕਾਰਨ ਕਈ ਲੋਕ ਮਲਬੇ ਹੇਠਾਂ ਦਬ ਗਏ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ 3 ਮਰਦ, 2 ਔਰਤਾਂ ਅਤੇ 2 ਬੱਚੀਆਂ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸ਼ਬੀਬੁਲ (30), ਰਬੀਬੁਲ (30) ਅਤੇ ਮੁਤੂ ਅਲੀ (45), ਰੂਬੀਨਾ (25), ਡੌਲੀ (25) ਵਜੋਂ ਹੋਈ ਹੈ। ਉੱਥੇ ਹੀ ਬੱਚੀਆਂ ਰੁਖਸਾਨਾ (6) ਅਤੇ ਹਸੀਨਾ (7) ਨੇ ਵੀ ਇਸ ਹਾਦਸੇ ‘ਚ ਦਮ ਤੋੜ ਦਿੱਤਾ।
ਹਾਦਸੇ ‘ਚ ਜ਼ਖ਼ਮੀ 5 ਲੋਕਾਂ ਨੂੰ ਸਫ਼ਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ 3 ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। 3 ਹੋਰ ਜ਼ਖ਼ਮੀਆਂ ਨੂੰ ਏਮਜ਼ ਟਰਾਮਾ ਸੈਂਟਰ ਭੇਜਿਆ ਗਿਆ, ਜਿੱਥੇ ਸਭ ਦੀ ਮੌਤ ਹੋ ਗਈ। ਇਕ ਹੋਰ ਸ਼ਖ਼ਸ ਹਸੀਬੁਲ ਦਾ ਇਲਾਜ ਚੱਲ ਰਿਹਾ ਸੀ ਪਰ ਬਾਅਦ ‘ਚ ਉਸ ਦੀ ਵੀ ਮੌਤ ਹੋ ਗਈ।
ਸਥਾਨਕ ਲੋਕਾਂ ਦੀ ਮਦਦ
ਸਥਾਨਕ ਨਿਵਾਸੀ ਆਨੰਦ ਜਾਇਸਵਾਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕ ਤੁਰੰਤ ਮਲਬਾ ਹਟਾਉਣ ਅਤੇ ਫਸੇ ਹੋਏ ਲੋਕਾਂ ਨੂੰ ਬਚਾਉਣ ‘ਚ ਜੁਟ ਗਏ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦਰਦਨਾਕ ਘਟਨਾ ਸੀ ਅਤੇ ਜ਼ਿਆਦਾਤਰ ਲੋਕ ਮੌਕੇ ‘ਤੇ ਹੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ ਸਨ।

