ਨਵੀਂ ਦਿੱਲੀ, 3 ਨਵੰਬਰ 2024 – 18ਵੀਂ ਲੋਕ ਸਭਾ ਦਾ ਪਹਿਲਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸੈਸ਼ਨ 20 ਦਸੰਬਰ ਤੱਕ ਚੱਲੇਗਾ। ਇਸ ‘ਚ ਵਨ ਨੇਸ਼ਨ-ਵਨ ਇਲੈਕਸ਼ਨ ਅਤੇ ਵਕਫ ਬਿੱਲ ਸਮੇਤ ਕਈ ਬਿੱਲ ਪੇਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਪ੍ਰਸਤਾਵ ਵੀ ਪਾਸ ਕੀਤਾ ਜਾ ਸਕਦਾ ਹੈ।
18ਵੀਂ ਲੋਕ ਸਭਾ ਦਾ ਪਹਿਲਾ ਮਾਨਸੂਨ ਸੈਸ਼ਨ 22 ਜੁਲਾਈ ਤੋਂ 9 ਅਗਸਤ ਤੱਕ ਚੱਲਿਆ ਸੀ। ਲਗਭਗ 115 ਘੰਟੇ ਚੱਲੇ ਪੂਰੇ ਸੈਸ਼ਨ ਵਿੱਚ ਕੁੱਲ 15 ਮੀਟਿੰਗਾਂ ਹੋਈਆਂ। ਸੈਸ਼ਨ ਦੌਰਾਨ ਸਦਨ ਦੀ ਉਤਪਾਦਕਤਾ 136% ਸੀ।
ਇਸੇ ਸੈਸ਼ਨ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 23 ਜੁਲਾਈ ਨੂੰ ਸਦਨ ਵਿੱਚ ਕੇਂਦਰੀ ਬਜਟ 2024-2025 ਪੇਸ਼ ਕੀਤਾ ਸੀ। ਇਹ ਚਰਚਾ ਕੁੱਲ 27 ਘੰਟੇ 19 ਮਿੰਟ ਤੱਕ ਚੱਲੀ, ਜਿਸ ਵਿੱਚ 181 ਮੈਂਬਰਾਂ ਨੇ ਭਾਗ ਲਿਆ। ਸੈਸ਼ਨ ਵਿੱਚ ਕੁੱਲ 65 ਪ੍ਰਾਈਵੇਟ ਮੈਂਬਰ ਬਿੱਲ ਵੀ ਪੇਸ਼ ਕੀਤੇ ਗਏ।
ਇਸ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਖਿਸਕਣ, ਹੜ੍ਹਾਂ ਅਤੇ ਜਾਨ-ਮਾਲ ਦੇ ਨੁਕਸਾਨ ਬਾਰੇ ਵੀ ਚਰਚਾ ਕੀਤੀ ਗਈ। ਓਲੰਪਿਕ ਲਈ ਭਾਰਤ ਦੀਆਂ ਤਿਆਰੀਆਂ ‘ਤੇ ਵੀ ਚਰਚਾ ਕੀਤੀ ਗਈ।