ਨਵੀਂ ਦਿੱਲੀ, 1 ਜੂਨ 2022 – ਭਾਰਤੀ ਕਿਸਾਨ ਯੂਨੀਅਨ ਟਿਕੈਤ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ‘ਤੇ ਮੰਗਲਵਾਰ ਰਾਤ ਨੂੰ ਗੋਲੀਬਾਰੀ ਹੁਣ ਦੀ ਖਬਰ ਸਾਹਮਣੇ ਆਈ ਹੈ। ਰਾਤ 9:30 ਵਜੇ ਦੇ ਕਰੀਬ ਇਹ ਗੋਲੀਬਾਰੀ ਹੋਈ ਹੈ। ਕਿਸਾਨ ਆਗੂ ਤੇ ਕਰੀਬ 3 ਰਾਊਂਡ ਫਾਇਰਿੰਗ ਕੀਤੀ ਗਈ ਹੈ। ਇਹ ਘਟਨਾ ਗੋਲਾ ਕੋਤਵਾਲੀ ਇਲਾਕੇ ਦੇ ਪਿੰਡ ਭਦੇਂਡ ਨੇੜੇ ਵਾਪਰੀ। ਇਸ ਤੋਂ ਪਹਿਲਾਂ ਬੈਂਗਲੁਰੂ ‘ਚ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ‘ਤੇ ਸਿਆਹੀ ਸੁੱਟੀ ਗਈ ਸੀ।
ਲਖੀਮਪੁਰ ਖੀਰੀ ‘ਚ ਮੰਗਲਵਾਰ ਰਾਤ ਨੂੰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਆਪਣੀ ਕਾਰ ਵਿੱਚ ਆਪਣੇ ਘਰ ਜਾ ਰਹੇ ਸਨ ਤਾਂ ਉਸ ਸਮੇ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਕਾਰ ਦੇ ਪਿੱਛਿਓਂ ਆ ਰਹੇ ਬਾਈਕ ਸਵਾਰ ਨੇ ਕਾਰ ਨੂੰ ਓਵਰਟੇਕ ਕਰਦੇ ਸਮੇਂ ਕਾਰ ਦੇ ਟਾਇਰ ‘ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਕਾਰ ਦੇ ਸ਼ੀਸ਼ੇ ‘ਤੇ ਦੋ ਰਾਉਂਡ ਫਾਇਰ ਕੀਤੇ ਗਏ। ਇਸ ਹਮਲੇ ਵਿੱਚ ਕਿਸਾਨ ਆਗੂ ਦਿਲਬਾਗ ਸਿੰਘ ਵਾਲ-ਵਾਲ ਬਚ ਗਿਆ। ਦਿਲਬਾਗ ਸਿੰਘ ਟਿਕੂਨੀਆ ਕੇਸ ਦਾ ਗਵਾਹ ਹੈ। ਜਿਸ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਦੋਸ਼ੀ ਹੈ।