ਨਾਗਪੁਰ, 19 ਅਪ੍ਰੈਲ 2024 – ਅੱਜ ਤੋਂ ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਸ਼ੁਰੂ ਹੋ ਗਈਆਂ ਹਨ। ਅੱਜ ਪਹਿਲੇ ਪੜਾਅ ਤਹਿਤ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਅੱਜ ਦੁਨੀਆ ਦੀ ਸਭ ਤੋਂ ਛੋਟੀ ਔਰਤ ਜੋਤੀ ਅਮਗੇ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਆਪਣੀ ਵੋਟ ਪਾਈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿੱਚ 16.63 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚ 8.4 ਕਰੋੜ ਪੁਰਸ਼ ਅਤੇ 8.23 ਕਰੋੜ ਮਹਿਲਾ ਵੋਟਰ ਹਨ।
ਤੁਹਾਨੂੰ ਦੱਸ ਦੇਈਏ ਕਿ ਨਾਗਪੁਰ ਦੀ ਜੋਤੀ ਆਮਗੇ ਦਾ ਜਨਮ 16 ਦਸੰਬਰ 1993 ਨੂੰ ਨਾਗਪੁਰ ਵਿੱਚ ਹੋਇਆ ਸੀ। ਜੋਤੀ ਦਾ ਕੱਦ ਸਿਰਫ 2 ਫੁੱਟ ਯਾਨੀ 63 ਸੈਂਟੀਮੀਟਰ ਹੈ। ਉਹ ਦੁਨੀਆ ਦੀ ਸਭ ਤੋਂ ਛੋਟੀ ਔਰਤ ਵਜੋਂ ਜਾਣੀ ਜਾਂਦੀ ਹੈ। ਉਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। ਉਸ ਨੂੰ ਦੋ ਵਾਰ ਵਿਸ਼ਵ ਰਿਕਾਰਡ ਬੈਜ ਵੀ ਦਿੱਤਾ ਜਾ ਚੁੱਕਾ ਹੈ।
ਜੋਤੀ ਨੂੰ ਐਕੌਂਡਰੋਪਲਾਸੀਆ ਨਾਂ ਦੀ ਬੀਮਾਰੀ ਹੈ। ਇਹ ਹੱਡੀਆਂ ਵਿੱਚ ਹੋਣ ਵਾਲੀ ਬਿਮਾਰੀ ਹੈ। ਜਿਸ ਕਾਰਨ ਉਸ ਦਾ ਕੱਦ ਨਹੀਂ ਵਧ ਸਕਿਆ। ਬਚਪਨ ‘ਚ ਜੋਤੀ ਨੂੰ ਉਸ ਦੇ ਛੋਟੇ ਕੱਦ ਕਾਰਨ ਬਹੁਤ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ, ਪਰ ਫਿਰ ਇਹੀ ਕਮਜ਼ੋਰੀ ਉਸ ਦੀ ਤਾਕਤ ਬਣ ਗਈ।
ਜੋਤੀ ਆਪਣੇ ਪਰਿਵਾਰ ਨਾਲ ਨਾਗਪੁਰ, ਮਹਾਰਾਸ਼ਟਰ ਵਿੱਚ ਰਹਿੰਦੀ ਹੈ। ਉਸਦੇ ਪਰਿਵਾਰ ਵਿੱਚ ਮਾਂ, ਪਿਤਾ, ਭਰਾ ਅਤੇ ਭਾਬੀ ਹਨ। ਜੋਤੀ ਵਿਆਹ ਨਹੀਂ ਕਰਨਾ ਚਾਹੁੰਦੀ, ਉਹ ਕੁਆਰੀ ਹੀ ਰਹਿਣਾ ਚਾਹੁੰਦੀ ਹੈ। ਇੱਕ ਇੰਟਰਵਿਊ ਵਿੱਚ ਜੋਤੀ ਨੇ ਕਿਹਾ ਸੀ ਕਿ ਉਹ ਸਾਰਿਆਂ ਨੂੰ ਆਪਣਾ ਦੋਸਤ ਮੰਨਦੀ ਹੈ। ਉਹ ਆਜ਼ਾਦ ਰਹਿਣਾ ਚਾਹੁੰਦੀ ਹੈ। ਉਸ ਨੂੰ ਕਿਸੇ ਦਾ ਵੀ ਟੋਕਣਾ ਪਸੰਦ ਨਹੀਂ।