- ਬੰਗਲਾਦੇਸ਼ ਤੋਂ ਪਰਤੇ ਭਾਰਤੀ ਦੂਤਘਰ ਦੇ 190 ਕਰਮਚਾਰੀ, ਹਸੀਨਾ ਦੀ ਪਾਰਟੀ ਦੇ 29 ਨੇਤਾ ਮਾਰੇ ਗਏ
ਨਵੀਂ ਦਿੱਲੀ, 7 ਅਗਸਤ 2024 – ਬੰਗਲਾਦੇਸ਼ ‘ਚ ਸਿਆਸੀ ਉਥਲ-ਪੁਥਲ ਦਰਮਿਆਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੀ ਸ਼ੇਖ ਹਸੀਨਾ ਫਿਲਹਾਲ ਭਾਰਤ ‘ਚ ਹੀ ਰਹੇਗੀ। ਉਸ ਦੇ ਪੁੱਤਰ ਵਾਜੇਦ ਜੋਏ ਨੇ ਜਰਮਨ ਵੈੱਬਸਾਈਟ ਡੀਡਬਲਿਊ ਨੂੰ ਦੱਸਿਆ ਕਿ ਹਸੀਨਾ ਦੀ ਫਿਲਹਾਲ ਕਿਤੇ ਹੋਰ ਜਾਣ ਦੀ ਕੋਈ ਯੋਜਨਾ ਨਹੀਂ ਹੈ। ਉਸ ਨੇ ਕਿਸੇ ਵੀ ਦੇਸ਼ ਤੋਂ ਸਿਆਸੀ ਸ਼ਰਨ ਨਹੀਂ ਮੰਗੀ ਹੈ।
ਦੂਜੇ ਪਾਸੇ ਬੰਗਲਾਦੇਸ਼ ਵਿਚ ਹਸੀਨਾ ਦੀ ਪਾਰਟੀ ਅਵਾਮੀ ਲੀਗ ਅਤੇ ਉਸ ਦੇ ਸਹਿਯੋਗੀਆਂ ਨਾਲ ਸਬੰਧਤ ਕਰੀਬ 29 ਨੇਤਾ ਮਾਰੇ ਗਏ। ਬੰਗਲਾਦੇਸ਼ੀ ਅਦਾਕਾਰ ਸ਼ਾਂਤੋ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਵੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਸਲੀਮ ਅਵਾਮੀ ਲੀਗ ਪਾਰਟੀ ਨਾਲ ਜੁੜਿਆ ਹੋਇਆ ਸੀ।
ਬੰਗਲਾਦੇਸ਼ ਵਿੱਚ ਸੁਰੱਖਿਆ ਕਾਰਨਾਂ ਕਰਕੇ ਭਾਰਤੀ ਦੂਤਘਰ ਦੇ 190 ਕਰਮਚਾਰੀਆਂ ਨੂੰ ਉੱਥੋਂ ਕੱਢ ਲਿਆ ਗਿਆ ਹੈ। ਜਦੋਂ ਕਿ ਬੰਗਲਾਦੇਸ਼ ਵਿੱਚ ਅੰਦੋਲਨ ਦੀ ਅਗਵਾਈ ਕਰਨ ਵਾਲੇ ਵਿਦਿਆਰਥੀਆਂ ਦੀ ਸਿਫ਼ਾਰਸ਼ ਦੇ ਬਾਅਦ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।
ਸ਼ੇਖ ਹਸੀਨਾ ਨੇ ਗੁਆਂਢੀ ਦੇਸ਼ ‘ਚ ਹਿੰਸਾ ਦਰਮਿਆਨ 5 ਅਗਸਤ ਨੂੰ ਬੰਗਲਾਦੇਸ਼ ਛੱਡ ਦਿੱਤਾ ਸੀ। ਉਹ ਫੌਜੀ ਜਹਾਜ਼ ਰਾਹੀਂ ਭਾਰਤ ਆਈ ਸੀ। ਫਿਲਹਾਲ ਉਨ੍ਹਾਂ ਨੂੰ ਸੇਫ ਹਾਊਸ ‘ਚ ਰੱਖਿਆ ਗਿਆ ਹੈ।