ਨਵੀਂ ਦਿੱਲੀ, 13 ਦਸੰਬਰ – ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਅੱਜ ਕਿਸਾਨਾਂ ਵਲੋਂ ਦਿੱਲੀ-ਜੈਪੁਰ ਹਾਈਵੇ ਬੰਦ ਕਰ ਦਿੱਤਾ ਜਾਵੇਗਾ। ਜਿਸ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਦਿੱਲੀ-ਜੈਪੁਰ ਹਾਈਵੇਅ ਨੂੰ ਜਾਮ ਕਰਨ ਲਈ ਕਿਸਾਨ ਵੱਡੀ ਗਿਣਤੀ ‘ਚ ਰਾਜਸਥਾਨ ਤੋਂ ਕੂਚ ਕਰਨਗੇ। ਕਿਸਾਨ ਲਗਾਤਾਰ ਦਿੱਲੀ ਬਾਰਡਰ ‘ਤੇ ਪਹੁੰਚ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਵਾਪਿਸ ਨਹੀਂ ਜਾਣਗੇ।
ਜਦੋਂ ਕਿ ਸਰਕਾਰ ਕਾਨੂੰਨਾਂ ‘ਚ ਸੋਧ ਕਰਨ ਲਈ ਤਿਆਰ ਹੈ ਅਤੇ ਲਗਾਤਰ ਕਹਿ ਰਹੀ ਹੈ ਕਿ ਕਾਨੂੰਨ ਕਿਸਾਨਾਂ ਦੇ ਭਲੇ ਲਈ ਲਿਆਂਦੇ ਗਏ ਹਨ। ਕਿਸਾਨਾਂ ਵੱਲੋਂ ਸਿੰਘੂ, ਟਿਕਰੀ ਅਤੇ ਯੂਪੀ ਵਾਲੇ ਬਾਰਡਰ ਪਹਿਲਾਂ ਹੀ ਬੰਦ ਕੀਤੇ ਹੋਏ ਹਨ। ਹੁਣ ਕਿਸਾਨ ਦਿੱਲੀ ਨੂੰ ਸਾਰਿਆਂ ਪਾਸਿਆਂ ਤੋਂ ਸੀਲ ਕਰਨਾ ਚਾਹੁੰਦੇ ਹਨ ਤਾਂ ਜੋ ਸਰਕਾਰ ਉਨ੍ਹਾਂ ਦੀ ਗੱਲ ਸੁਣੇ।