- ਟਿਕਟਾਂ ਦੀ ਵੰਡ ਕਰਨਾ ਸਿਰਫ ਕਾਂਗਰਸ ਦੇ ਹੱਥ ਅਤੇ ਇਸ ਬਾਰੇ ਪਾਰਟੀ ਦੀ ਤੈਅ ਪ੍ਰਕਿਰਿਆ ਜਿਸ ਵਿਚ ਵਿਅਕਤੀਗਤ ਤੌਰ ਉਤੇ ਕਿਸੇ ਦਾ ਕੋਈ ਅਧਿਕਾਰ ਨਹੀਂ ਹੁੰਦਾ-ਮੁੱਖ ਮੰਤਰੀ
ਚੰਡੀਗੜ੍ਹ, 13 ਅਪ੍ਰੈਲ 2021 – ਮੀਡੀਆ ਦੀਆਂ ਸਾਰੀਆਂ ਬੇਬੁਨਿਆਦ ਕਿਆਸਅਰਾਈਆਂ ਉਤੇ ਰੋਕ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਟਿਕਟਾਂ ਨੂੰ ਅੰਤਿਮ ਰੂਪ ਦੇਣ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਕਿਸੇ ਵੀ ਤਰਾਂ ਦੀ ਭੂਮਿਕਾ ਨੂੰ ਰੱਦ ਕਰ ਦਿੱਤਾ।
ਮੁੱਖ ਮੰਤਰੀ ਨੇ ਆਪਣੇ ਨਵੇਂ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਟਿਕਟਾਂ ਬਾਰੇ ਫੈਸਲਾ ਲੈਣ ਸਬੰਧੀ ਪੰਜਾਬ ਕਾਂਗਰਸ ਵਿਚ ਨਰਾਜਗੀ ਦੀਆਂ ਰਿਪਰੋਟਾਂ ਦੇ ਸਬੰਧ ਕਿਹਾ,’’ਇਸ ਬਾਰੇ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸ਼ੋਰ ਦਾ ਇਸ ਮਾਮਲੇ ਨਾਲ ਕੋਈ ਲਾਗਾ-ਦੇਗਾ ਨਹੀਂ ਹੈ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਟਿਕਟਾਂ ਦੀ ਵੰਡ ਲਈ ਨਿਯਮ ਅਤੇ ਮਾਪਦੰਡ ਨਿਰਧਾਰਤ ਹਨ ਜੋ ਸਾਰੇ ਸੂਬਿਆਂ ਵਿਚ ਸਾਰੀਆਂ ਹੀ ਚੋਣਾਂ ਵਿਚ ਅਪਣਾਏ ਜਾਂਦੇ ਹਨ। ਉਨਾਂ ਕਿਹਾ ਕਿ ਕਿਸੇ ਵੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਹਾਈ ਕਮਾਨ ਵੱਲੋਂ ਸੂਬਾ ਪੱਧਰੀ ਚੋਣ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜੋ ਸਾਰੇ ਨਾਵਾਂ ਉਪਰ ਵਿਚਾਰ ਕਰਦੀ ਹੈ ਅਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਬਾਰੇ ਫੈਸਲਾ ਕਰਦੀ ਹੈ। ਉਸ ਤੋਂ ਬਾਅਦ ਛਾਂਟੀ ਕੀਤੇ ਗਏ ਨਾਵਾਂ ਦੀ ਸੂਚੀ ਸਕਰੀਨਿੰਗ ਕਮੇਟੀ ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਇਸ ਕਮੇਟੀ ਵਿਚ ਕਾਂਗਰਸ ਪ੍ਰਧਾਨ ਸਮੇਤ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਸ਼ਾਮਲ ਹੁੰਦੀ ਹੈ। ਉਨਾਂ ਕਿਹਾ ਕਿ ਅੰਤਿਮ ਫੈਸਲਾ ਕੇਂਦਰੀ ਚੋਣ ਕਮੇਟੀ ਕਰਦੀ ਹੈ ਅਤੇ ਇਸ ਵਿਚ ਵਿਅਕਤੀਗਤ ਤੌਰ ਉਤੇ ਕਿਸੇ ਦੀ ਭੂਮਿਕਾ ਨਹੀਂ ਹੁੰਦੀ।
ਮੁੱਖ ਮੰਤਰੀ ਨੇ ਕਿਹਾ,’’ਇਸ ਕਮੇਟੀ ਵੱਲੋਂ ਟਿਕਟਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿਚ ਆਜਾਦਾਨਾ ਏਜੰਸੀਆਂ ਦੇ ਨਾਲ-ਨਾਲ ਪਾਰਟੀ ਦੀ ਸੂਬਾਈ ਇਕਾਈ ਸਮੇਤ ਅੰਦੂਰਨੀ ਅਤੇ ਬਾਹਰੀ ਧਿਰਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਇਹੀ ਪ੍ਰਕਿਰਿਆ ਸਾਲ 2017 ਵਿਚ ਅਪਣਾਈ ਗਈ ਸੀ ਅਤੇ ਇਸ ਵਾਰ ਹੀ ਇਸੇ ਪ੍ਰਕਿਰਿਆ ਅਨੁਸਾਰ ਚੱਲਿਆ ਜਾਵੇਗਾ ਤਾਂ ਫੇਰ ਇਸ ਸਮੁੱਚੀ ਪ੍ਰਕਿਰਿਆ ਵਿਚ ਪ੍ਰਸ਼ਾਂਤ ਕਿਸ਼ੋਰ ਕਿੱਥੇ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਹ ਵਿਧੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਰਗਰ ਸਿੱਧ ਹੋਈ ਸੀ ਜਦੋਂ ਕਾਂਗਰਸ ਨੇ ਪੰਜਾਬ ਵਿਚ 80 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ। ਉਨਾਂ ਕਿਹਾ,‘‘ਪਾਰਟੀ ਇਸ ਢਾਂਚੇ ਵਿਚ ਬਦਲਾਅ ਕਿਉਂ ਕਰੇਗੀ ਅਤੇ ਸਿਆਸੀ ਸੰਤੁਲਨ ਨੂੰ ਕਿਉਂ ਵਿਗਾੜੇਗੀ ਜੋ ਅਸੀਂ ਪਿਛਲੇ ਚਾਰ ਸਾਲਾਂ ਵਿਚ ਬਹੁਤ ਹੀ ਬਿਹਤਰੀਨ ਢੰਗ ਨਾਲ ਬਣਾਇਆ ਹੋਇਆ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਪਿਛਲੇ ਚਾਰ ਸਾਲਾਂ ਵਿਚ ਹਰੇਕ ਚੋਣ ਵਿਚ ਸ਼ਾਨਦਾਰ ਕਾਰਗੁਜਾਰੀ ਦਿਖਾਈ ਹੈ ਅਤੇ ਹਾਲ ਹੀ ਵਿਚ ਹੋਈਆਂ ਸ਼ਹਿਰੀ ਸਥਾਨਕ ਚੋਣਾਂ ਵਿਚ ਪਾਰਟੀ ਨੇ ਹੂੰਝਾ-ਫੇਰ ਜਿੱਤ ਹਾਸਲ ਕੀਤੀ। ਉਨਾਂ ਕਿਹਾ, ‘‘ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੂਬੇ ਵਿਚ ਸੱਤਾ ਵਿਰੋਧੀ ਕੁਝ ਨਹੀਂ ਹੈ ਜਿਵੇਂ ਕਿ ਮੀਡੀਆ ਵੱਲੋਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਜੋ ਕਿਸ਼ੋਰ ਦੀ ਨਿਯੁਕਤ ਦੇ ਸਮੇਂ ਤੋਂ ਲੈ ਕੇ ਅਜਿਹੀਆਂ ਅਟਕਲਾਂ ਲਾ ਰਿਹਾ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਨੂੰ ਸਥਾਨਕ ਪੱਧਰ ਉਤੇ ਕੋਈ ਸਰਕਾਰ ਵਿਰੋਧੀ ਮਿਸਾਲ ਨਜਰ ਵੀ ਆਉਂਦੀ ਹੈ ਤਾਂ ਇਸ ਨੂੰ ਪਾਰਟੀ ਬਦਲਵਾਂ ਰਾਹ ਕੱਢ ਕੇ ਜਿੱਤ ਯਕੀਨੀ ਬਣਾਉਣ ਲਈ ਸਭ ਤੋਂ ਵਧੀਆ ਢੰਗ ਨਾਲ ਨਜਿੱਠ ਲਵੇਗੀ। ਉਨਾਂ ਨੇ ਸਪੱਸ਼ਟ ਕੀਤਾ ਕਿ ਇਸ ਮਸਲੇ ਨੂੰ ਵਿਚਾਰਨ ਅਤੇ ਫੈਸਲਾ ਲੈਣ ਦਾ ਕੰਮ ਕਿਸ਼ੋਰ ਦਾ ਨਹੀਂ, ਕਾਂਗਰਸ ਦਾ ਹੈ।
ਮੁੱਖ ਮੰਤਰੀ ਨੇ ਕਿਹਾ, ‘‘ਪ੍ਰਸ਼ਾਂਤ ਕਿਸ਼ੋਰ ਦਾ ਰੋਲ ਮੇਰੇ ਪ੍ਰਮੁੱਖ ਸਲਾਹਕਾਰ ਤੱਕ ਸੀਮਿਤ ਹੈ। ਇਹ ਅਹੁਦਾ ਸਿਰਫ ਸਲਾਹਕਾਰੀ ਲਈ ਹੈ ਜਿਸ ਵਿਚ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੁੰਦਾ।