ਆਮ ਘਰਾਂ ਦੇ ਨਹੀਂ, ਕੈਪਟਨ ਨੂੰ ਕਾਂਗਰਸੀ ਪੁੱਤ ਭਤੀਜਿਆਂ ਦੀ ਫ਼ਿਕਰ: ਹਰਪਾਲ ਚੀਮਾ

… ਆਪ ਦੀ ਸਰਕਾਰ ਬਣਨ ‘ਤੇ ਮੈਰਿਟ ਤੋੜਨ ਵਾਲਿਆਂ ‘ਤੇ ਕਰਾਂਗੇ ਸਖ਼ਤ ਕਾਰਵਾਈ: ਆਪ
… ਕੈਪਟਨ ਨੇ ਭਾਈ ਭਤੀਜਾਵਾਦ ਤਿਆਗ ਵਾਅਦੇ ਮੁਤਾਬਿਕ ਘਰ ਘਰ ਨੌਕਰੀ ਕਿਉਂ ਨਹੀਂ ਦਿੱਤੀ

ਚੰਡੀਗੜ੍ਹ, 25 ਜੂਨ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਘਰਾਂ ਦੇ ਪੜ੍ਹੇ-ਲਿਖੇ, ਹੋਣਹਾਰ ਅਤੇ ਕਾਬਲ ਧੀਆਂ ਪੁੱਤ ਕੈਪਟਨ ਅਮਰਿੰਦਰ ਸਿੰਘ ਦੇ ਏਜੰਡੇ ‘ਤੇ ਨਹੀਂ ਹਨ, ਜੋ ਰੋਜ਼ਗਾਰ (ਨੌਕਰੀਆਂ) ਲਈ ਸਾਲਾਂ ਤੋਂ ਖੱਜਲ ਖ਼ੁਆਰ ਹੋ ਰਹੇ ਹਨ। ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਨੂੰ ਵੀ ਆਪਣੇ ਵਿਧਾਇਕਾਂ, ਮੰਤਰੀਆਂ ਅਤੇ ਆਗੂਆਂ ਦੇ ਧੀਆਂ ਪੁੱਤ ਹੀ ਕਾਬਲ ਦਿਖਾਈ ਦਿੰਦੇ ਹਨ, ਜਦੋਂਕਿ ਸੱਤਾ ‘ਘਰ ਘਰ ਨੌਕਰੀ’ ਦੇ ਵਾਅਦੇ ਨਾਲ ਸਾਂਭੀ ਸੀ।

ਸ਼ੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਨਿਯਮ ਕਾਨੂੰਨ ਅਤੇ ਮੈਰਿਟ ਤੋੜ ਕੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਤੇ ਹੋਰ ਲੀਡਰਾਂ ਦੇ ਪੁੱਤ ਭਤੀਜਿਆਂ ਨੂੰ ਵੰਡੀਆਂ ਗਈਆਂ ਨੌਕਰੀਆਂ ਦੀ ਜਾਂਚ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਏਨਾਂ ਹੀ ਨਹੀਂ ਲੋਕਾਂ ਦੇ ਟੈਕਸਾਂ ਨਾਲ ਭਰਦੇ ਸਰਕਾਰੀ ਖ਼ਜ਼ਾਨੇ ‘ਚੋਂ ਤਨਖਾਹਾਂ ਦੇ ਰੂਪ ‘ਚ ਲੁੱਟਿਆ ਪੈਸਾ ਵੀ ਇਹਨਾਂ ਤੋਂ ਵਿਆਜ ਸਮੇਤ ਵਸੂਲਿਆ ਜਾਵੇਗਾ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਮੌਜੂਦ ਸਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੁਨੀਆਂ ‘ਚ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਮੈਡਲ ਜੇਤੂ ਪੈਰਾ ਓਲੰਪਿਕ ਖਿਡਾਰੀਆਂ ਨੂੰ ਨੌਕਰੀਆਂ ਨਾਲ ਨਿਵਾਜੇ ਜਾਣ ਦੀ ਥਾਂ ਡਾਂਗਾ ਨਾਲ ਬੇਤਹਾਸ਼ਾ ਕੁੱਟਿਆ ਜਾ ਰਿਹਾ ਹੈ। ਦੂਜੇ ਪਾਸੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਸਿੱਧਾ ਡੀ.ਐਸ.ਪੀ, ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤ ਨੂੰ ਸਿੱਧਾ ਇੰਸਪੈਕਟਰ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਵਰਗੀਆਂ ਅਫ਼ਸਰੀਆਂ ਬਖਸ਼ੀਆਂ ਜਾ ਰਹੀਆਂ ਹਨ।

ਜਦੋਂ ਕਿ ਸੁਨੀਲ ਜਾਖੜ ਦੇ ਭਤੀਜੇ ਅਜੇ ਵੀਰ ਜਾਖੜ ਨੂੰ ਪੰਜਾਬ ਫਾਰਮਰਜ਼ ਕਮਿਸ਼ਨ ਦਾ ਚੇਅਰਮੈਨ, ਤ੍ਰਿਪਤ ਰਜਿੰਦਰ ਬਾਜਵਾ ਦੇ ਪੁੱਤ ਅਤੇ ਸੁੱਖ ਸਰਕਾਰੀਆ ਦੇ ਭਤੀਜੇ ਨੂੰ ਜ਼ਿਲਾ ਪ੍ਰੀਸ਼ਦਾਂ ਦੇ ਚੇਅਰਮੈਨ, ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਤੇ ਬਲਬੀਰ ਸਿੰਘ ਸਿੱਧੂ ਦੇ ਭਰਾ ਨੂੰ ਨਗਰ ਨਿਗਮਾਂ ਦੇ ਮੇਅਰ, ਰਾਣਾ ਗੁਰਮੀਤ ਸੋਢੀ ਦੇ ਪੁੱਤਰ ਹੀਰਾ ਸੋਢੀ ਨੂੰ ਸੂਚਨਾ ਕਮਿਸ਼ਨਰ, ਦੀਪਇੰਦਰ ਢਿੱਲੋਂ ਦੇ ਪੁੱਤਰ ਨੂੰ ਨਗਰ ਕੌਸਲ ਦਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਨੂੰ ਬਠਿੰਡਾ ਸੈਂਟਰਲ ਕੋ ਆਪ੍ਰੇਟਿਵ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਦਾ ਮੈਂਬਰ ਬਣਾਇਆ ਗਿਆ ਹੈ। ਕੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੋਤੀ ਮਹਿਲ ‘ਚੋਂ ਪਟਿਆਲਾ ਵਿੱਚ ਰੁਜ਼ਗਾਰ ਲਈ ਟਾਵਰ ‘ਤੇ ਬੈਠੇ ਹੋਣਹਾਰ ਯੋਗ ਨੌਜਵਾਨ ਨਜ਼ਰ ਨਹੀਂ ਆ ਰਹੇ?

ਕੀ ਕੈਪਟਨ ਨੂੰ ਸੰਗਰੂਰ ‘ਚ ਮਹੀਨਿਆਂ ਤੋਂ ਪੱਕੇ ਮੋਰਚੇ ‘ਤੇ ਬੈਠੇ ਆਮ ਘਰਾਂ ਦੇ ਬੇਹੱਦ ਲਾਇਕ ਅਤੇ ਯੋਗ ਧੀਆਂ ਪੁੱਤ ਨਜ਼ਰ ਨਹੀਂ ਆਉਂਦੇ? ਜੋ ਹਰ ਤੀਜੇ ਦਿਨ ਸਰਕਾਰੀ ਅਤਿਆਚਾਰ ਦਾ ਸ਼ਿਕਾਰ ਹੁੰਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਦੇ ਘਰ ਅੱਗੇ ਨੌਕਰੀਆਂ ਦੀ ਮੰਗ ਕਰ ਰਹੇ ਪੈਰਾ ਓਲੰਪਿਕ ਖਿਡਾਰੀਆਂ ਅਤੇ ਉਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਏ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ‘ਤੇ ਪੁਲੀਸ ਨੇ ਡਾਂਗਾ ਮਾਰੀਆਂ ਅਤੇ ਗ੍ਰਿਫ਼ਤਾਰ ਕਰਕੇ ਥਾਣੇ ਵਿੱਚ ਬੰਦ ਕੀਤਾ।

ਚੀਮਾ ਨੇ ਦੋਸ਼ ਲਾਇਆ ਕਿ ਬਾਦਲਾਂ ਦੀ ਤਰਾਂ ਕੈਪਟਨ ਨੇ ਵੀ ਮਾਫੀਆ ਰਾਜ ਅਤੇ ਭਾਈ ਭਤੀਜਾਵਾਦ ਨੂੰ ਹੀ ਉਤਸ਼ਾਹਿਤ ਕੀਤਾ, ਜਿਸ ਦੀਆਂ ਅਣਗਿਣਤ ਮਿਸਾਲਾਂ ਹਨ। ਐਨਾ ਹੀ ਨਹੀਂ ਪੰਜਾਬ ਦੀਆਂ ਚੇਅਰਮੈਨੀਆਂ, ਡਾਇਰੈਕਟਰੀਆਂ ਸਮੇਤ ਐਡਵੋਕੇਟ ਜਨਰਲ (ਏ.ਜੀ) ਦਫ਼ਤਰਾਂ ‘ਚ ਵੀ ਕਾਂਗਰਸੀਆਂ ਦੇ ਆਪਣੇ ਧੀਆਂ ਪੁੱਤਾਂ ਦਾ ਹੀ ਕਬਜ਼ਾ ਹੈ। ਇਹੋ ਕਾਰਨ ਹੈ ਕਿ ਬਗੈਰ ਮੈਰਿਟ ਤੋਂ ਲੱਗੇ ਇਹਨਾਂ ਪੁੱਤ ਭਤੀਜਿਆਂ ਕਾਰਨ ਪੰਜਾਬ ਸਾਰੇ ਅਹਿਮ ਕੇਸ ਹਾਰਦਾ ਆ ਰਿਹਾ ਹੈ।

ਚੀਮਾ ਨੇ ਮੰਗ ਕੀਤੀ ਕਿ ਸਰਕਾਰ ਭਾਈ ਭਤੀਜਾਵਾਦ ਤਿਆਗ ਕੇ ਆਪਣੇ ਚੋਣ ਵਾਅਦੇ ਮੁਤਾਬਿਕ ਘਰ ਘਰ ਨੌਕਰੀ ਮੁਹਈਆ ਕਰਾਵੇ। ਉਨਾਂ ਭਰੋਸਾ ਦਿੱਤਾ ਕਿ 2022 ‘ਚ ਆਪ ਦੀ ਸਰਕਾਰ ਬਣਨ ਉਪਰੰਤ ਮੈਰਿਟ ਅਤੇ ਪਾਰਦਰਸ਼ਤਾ ਨਾਲ ਵੱਡੇ ਪੱਧਰ ‘ਤੇ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਰਸਾ ਤੇ ਕਾਲਕਾ ਨੇ ਗੋਲਡਨ ਹੱਟ ਵਾਲੇ ਰਾਣਾ ਦਾ ਪਰਿਵਾਰ ਆਪਣੇ ਨਾਲ ਦਿੱਲੀ ਲਿਆਂਦਾ, ਸੁਰੱਖਿਆ ਦੀ ਲਈ ਜ਼ਿੰਮੇਵਾਰੀ

ਸਾਬਕਾ ਵਿਧਾਇਕ ਰੰਧਾਵਾ ਦੇ ਪੁੱਤਰ ਸਮੇਤ ਐਨ.ਆਰ.ਆਈ ਅਤੇ ਕਾਰੋਬਾਰੀ ਹੋਏ ਆਪ ‘ਚ ਸ਼ਾਮਲ