- ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਨੂੰ ਨਹੀਂ ਮਿਲੇ ਉਮੀਦਵਾਰ
- ਅਕਾਲੀ ਦਲ, ਭਾਜਪਾ ਤੇ ਆਪ ਦੂਜੇ ਸਥਾਨ ਲਈ ਕਰ ਰਹੇ ਹਨ ਸੰਘਰਸ਼
ਚੰਡੀਗੜ੍ਹ, 13 ਫਰਵਰੀ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਆਪਣੀ ਪ੍ਰੱਤਖ ਹਾਰ ਦਾ ਠੀਕਰਾ ਕਿਸੇ ਹੋਰ ਸਿਰ ਭੰਣਨ ਲਈ ਹੀ ਸ਼ੋ੍ਰਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਚੋਣਾਂ ਵਿਚ ਧੱਕੇਸ਼ਾਹੀ ਦੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨਾਂ ਨੇ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੂੰ ਆਪਣੇ ਕਾਰਜਕਾਲ ਵਿਚ ਕੀਤੀਆਂ ਧੱਕੇਸ਼ਾਹੀਆਂ ਚੇਤੇ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੂਬੇ ਵਿਚ ਚੋਣ ਅਮਲ ਪੂਰੀ ਤਰਾਂ ਨਾਲ ਨਿਰਪੱਖ ਤਰੀਕੇ ਨਾਲ ਹੋ ਰਿਹਾ ਹੈ ਅਤੇ ਸਰਕਾਰ ਦਾ ਇਸ ਵਿਚ ਕੋਈ ਦਖਲ ਨਹੀਂ ਹੈ।
ਉਨਾਂ ਨੇ ਆਪ ਪਾਰਟੀ ਨੂੰ ਮੁੱਦਾ ਹੀਣ ਪਾਰਟੀ ਦੱਸਦਿਆ ਕਿਹਾ ਕਿ ਇਸ ਪਾਰਟੀ ਨੂੰ ਤਾਂ ਹਾਲੇ ਮੁੱਖ ਮੰਤਰੀ ਦੇ ਅਹੁਦੇ ਲਈ ਵੀ ਉਮੀਦਵਾਰ ਨਹੀਂ ਮਿਲਿਆ ਹੈ। ਉਨਾਂ ਨੇ ਕਿਹਾ ਕਿ ਹੈਰਾਨੀ ਨਹੀਂ ਹੋਵੇਗੀ ਜੇਕਰ ਆਪ ਪਾਰਟੀ ਕੋਈ ਇਸਤਿਹਾਰ ਹੀ ਜਾਰੀ ਕਰ ਦੇਵੇ ਕਿ ਉਸਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਚਾਹੀਦਾ ਹੈ। ਉਨਾਂ ਨੇ ਆਪ ਦੇ ਦਿੱਲੀ ਦੇ ਆਗੂਆਂ ਵੱਲੋਂ ਪੰਜਾਬ ਦੇ ਆਪਣੇ ਲੀਡਰ ਛੱਡ ਕੇ ਉਮੀਦਵਾਰ ਲੱਭਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਆਪ ਦੀ ਹਾਈਕਮਾਂਡ ਨੂੰ ਆਪਣਿਆਂ ਤੇ ਹੀ ਭਰੋਸਾ ਨਹੀਂ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੂਜੇ ਸਥਾਨ ਲਈ ਸੰਘਰਸ਼ ਕਰ ਰਹੇ ਹਨ ਜਦ ਕਿ ਕਈ ਥਾਂਵਾਂ ਤੇ ਤਾਂ ਅਜਿਹੀਆਂ ਵੀ ਰਿਪੋਰਟਾਂ ਮਿਲ ਰਹੀਆਂ ਹਨ ਕਿ ਇਹ ਪਾਰਟੀਆਂ ਆਪਣੀ ਸਾਖ਼ ਬਚਾਉਣ ਲਈ ਆਪਸ ਵਿਚ ਵੋਟਾਂ ਦਾ ਲੈਣ ਦੇਣ ਵੀ ਕਰ ਰਹੀਆਂ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਨੇ ਜੋ ਸਮਾਜ ਵਿਰੋਧੀ ਕੰਮ ਕੀਤਾ ਹੈ ਇਸ ਨਾਲ ਨਾ ਕੇਵਲ ਪੰਜਾਬ ਦੇ ਕਿਸਾਨ ਸਗੋਂ ਸਮਾਜ ਦਾ ਹਰ ਵਰਗ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਪਾਰਟੀ ਨੂੰ ਉਮੀਦਵਾਰ ਵੀ ਪੂਰੇ ਨਹੀਂ ਮਿਲੇ ਅਤੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਉਨਾਂ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਹਰਿਆਣਾ ਵਿਚ ਜਿੱਥੇ ਭਾਜਪਾ ਦੀ ਆਪਣੀ ਸਰਕਾਰ ਹੈ ਲੋਕ ਰੋਹ ਕਾਰਨ ਉਥੇ ਹੀ ਭਾਜਪਾ ਦੇ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਘਰਾਂ ਅੰਦਰ ਨਜਰਬੰਦ ਹੋਏ ਪਏ ਹਨ, ਅਜਿਹੇ ਵਿਚ ਪੰਜਾਬ ਦੇ ਲੋਕਾਂ ਦਾ ਭਾਜਪਾ ਪ੍ਰਤੀ ਰੋਸ਼ ਕੋਈ ਅਪਵਾਦ ਨਹੀਂ ਹੈ।
ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ 2012 ਯਾਦ ਕਰਵਾਉਂਦਿਆ ਸ੍ਰੀ ਜਾਖੜ ਨੇ ਕਿਹਾ ਕਿ ਤਦ ਤਲਵਾਰਾਂ ਨਾਲ ਕੈਪਟਨ ਅਮਰਿੰੰਦਰ ਸਿੰਘ ਦੀ ਕਾਰ ਤੇ ਹਮਲਾ ਕੀਤਾ ਗਿਆ ਸੀ ਅਤੇ ਹਰ ਤਰਾਂ ਨਾਲ ਜਿਆਦਤੀ ਕੀਤੀ ਗਈ ਸੀ। ਉਨਾਂ ਨੇ ਕਿਹਾ ਕਿ ਹੁਣ ਵੀ ਇਸ ਪਾਰਟੀ ਦੇ ਆਗੂਆਂ ਨੇ ਗਲਤ ਬਿਆਨੀ ਕਰਕੇ ਜਲਾਲਾਬਾਦ ਵਿਚ ਝੂਠਾ ਪਰਚਾ ਦਰਜ ਕਰਵਾਇਆ ਹੈ ਜਦ ਕਿ ਇਸ ਪਾਰਟੀ ਦੇ ਆਗੂ ਜਨਮੇਜਾ ਸਿੰਘ ਸੇਖੋਂ ਸ਼ਰੇਆਮ ਆਖ ਰਹੇ ਹਨ ਕਿ ਉਨਾਂ ਨੇ ਅਬੋਹਰ ਵਿਖੇ 500 ਬਾਹਰੀ ਵਿਅਕਤੀ ਲੰਬੀ ਤੋਂ ਲਿਆ ਕੇ ਸਥਾਨਕ ਚੋਣਾਂ ਵਿਚ ਗੜਬੜ ਲਈ ਲਿਆਂਦੇ ਹਨ। ਉਨਾਂ ਨੇ ਕਿਹਾ ਕਿ ਅਕਾਲੀ ਦਲ ਤਾਂ ਖੁਦ ਹੀ ਧੱਕੇਸਾਹੀ ਕਰ ਰਿਹਾ ਹੈ ਜਦ ਕਿ ਦੋਸ਼ ਦੂਜਿਆ ਤੇ ਲਗਾ ਰਿਹਾ ਹੈ।
ਆਮ ਆਦਮੀ ਪਾਰਟੀ ਨੂੰ ਮੁੱਦਾ ਰਹਿਤ ਅਤੇ ਲੀਡਰ ਰਹਿਤ ਪਾਰਟੀ ਦੱਸਦਿਆ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪਾਰਟੀ ਭਾਜਪਾ ਦੀ ਬੀ ਟੀਮ ਵਚੋਂ ਵਿਚਰ ਰਹੀ ਹੈ। ਉਨਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਤੇ ਚਰਚਾ ਲਈ ਸੱਦੀ ਆਲ ਪਾਰਟੀ ਮੀਟਿੰਗ ਵਿਚੋਂ ਬਾਈਕਾਟ ਕਰਕੇ ਇਹ ਪਾਰਟੀ ਸਿੱਧ ਕਰ ਚੁੱਕੀ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਇਸ ਪਾਰਟੀ ਨੂੰ ਕਿੰਨੀ ਕੁ ਪ੍ਰਵਾਹ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ, ਡੀਜਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾ ਖਿਲਾਫ ਇਹ ਪਾਰਟੀ ਅਵਾਜ ਨਹੀਂ ਚੁੱਕਦੀ ਕਿਉਂਕਿ ਇਸ ਨਾਲ ਭਾਜਪਾ ਨਰਾਜ ਹੋ ਸਕਦੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਸਥਾਨਕ ਸਰਕਾਰਾਂ ਚੋਣਾਂ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਤੇ ਲੜ ਰਹੀ ਹੈ ਅਤੇ ਲੋਕਾਂ ਦੇ ਪਿਆਰ ਸਦਕਾ ਜਿੱਤ ਵੀ ਦਰਜ ਕਰੇਗੀ।