- ਕਿਉਂਕਿ ਉਹ ਆਪ ਵਿਚ ਇਕ ਉਮੀਦ ਦੀ ਕਿਰਨ ਵੇਖਦੇ ਹਨ
- ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਦਾ ਸਭ ਤੋਂ ਆਲਸੀ ਅਤੇ ਨਖਿੱਧ ਮੁੱਖ ਮੰਤਰੀ ਸਿੱਧ ਹੋਏ, ਆਉਂਦੀਆਂ ਚੋਣਾਂ ਵਿੱਚ ਲੋਕ ਕਾਂਗਰਸ ਨੂੰ ਚਲਦਾ ਕਰਨਗੇ : ਰਾਘਵ ਚੱਢਾ
- ਸੂਬੇ ’ਚ ਸੱਤਾ ਮਿਲਣ ਤੋਂ ਬਾਅਦ ‘ਆਪ’ ਦਿੱਲੀ ਦਾ ਅਰਵਿੰਦ ਕੇਜਰੀਵਾਲ ਮਾਡਲ ਪੰਜਾਬ ਵਿੱਚ ਕਰੇਗੀ ਲਾਗੂ : ਰਾਘਵ ਚੱਢਾ
ਚੰਡੀਗੜ੍ਹ, 7 ਫਰਵਰੀ 2021 – ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਵੱਲੋਂ ਅੱਜ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਲਈ ਡੇਰਾਬੱਸੀ ਅਤੇ ਰੋਪੜ ਵਿੱਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਦੌਰਾਨ ਲੋਕਾਂ ਨੇ ਭਰਾਵਾਂ ਹੁੰਗਾਰਾ ਦਿੱਤਾ। ਰਾਘਵ ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਥਾਨਕ ਸਰਕਾਰਾਂ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ, ਸ਼ਹਿਰਾਂ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਉਣ। ਇਸ ਦੌਰਾਨ ਰਾਘਵ ਚੱਢਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਖੇਤਰ, ਸ਼ਹਿਰ, ਪਿੰਡਾਂ ਦੇ ਵਿਕਾਸ ਦੇ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਮੌਕਾ ਦਿੰਦੇ ਰਹੇ, ਪ੍ਰੰਤੂ ਇਨ੍ਹਾਂ ਪਾਰਟੀਆਂ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨ੍ਹਾਂ ਰਿਵਾਇਤੀ ਪਾਰਟੀਆਂ ਨੇ ਲੋਕ ਨਾਲ ਵਿਸ਼ਵਾਸਘਾਤ ਕਰਦੇ ਹੋਏ ਆਪਣੇ ਹੀ ਘਰ ਭਰੇ ਹਨ। ਲੋਕਾਂ ਦਾ ਇਨ੍ਹਾਂ ਪਾਰਟੀਆਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ, ਹੁਣ ਆਮ ਆਦਮੀ ਪਾਰਟੀ ਉਤੇ ਭਰੋਸਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਬਾਦਲ, ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਇਨ੍ਹਾਂ ਦੀਆਂ ਘਟੀਆਂ ਨੀਤੀਆਂ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਪੰਜਾਬ ’ਚ ਹਰ ਤਰ੍ਹਾਂ ਦਾ ਮਾਫੀਆ ਚਲਦਾ ਰਿਹਾ, ਲੋਕਾਂ ਨੂੰ ਇਸ ਮਾਫੀਏ ਨੂੰ ਰੋਕਣ ਦੇ ਲਈ ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਕੈਪਟਨ ਸਾਹਿਬ ਵੀ ਇਸ ਮਾਫੀਏ ਦਾ ਸਰਗਣਾ ਬਣ ਗਏ, ਜਿਸ ਦੀ ਨਿਗਰਾਨੀ ਵਿਚ ਇਹ ਸਭ ਕੁਝ ਚਲ ਰਿਹਾ ਹੈ। ਬਦਲਿਆ ਹੈ ਤਾਂ ਸਿਰਫ ਇਹ ਬਦਲਿਆ ਕਿ ਹੁਣ ਕਮਿਸ਼ਨ ਬਾਦਲਾਂ ਦੀ ਬਜਾਏ ਕੈਪਟਨ ਸਾਹਿਬ, ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਚਹੇਤਿਆਂ ਕੋਲ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਕ ਮੀਡੀਆ ਗਰੁੱਪ ਵੱਲੋਂ ਕੀਤੇ ਗਏ ਸਰਵੇਖਣ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ। ਇਸ ਸਰਵੇਖਣ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਿੱਧ ਹੋਈ ਹੈ ਕੈਪਟਨ ਇੱਕ ਆਲਸੀ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੂਬੇ ਦੇ ਹਾਲਾਤਾਂ ਬਾਰੇ ਕੁਝ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਅਸਲ ਵਿਚ ਇਹ ਹੈ ਕਿ ਪੰਜਾਬ ਦੀ ਸਰਕਾਰ ਨੂੰ ਇਸ ਸਮੇਂ ਸੂਬੇ ਦਾ ਇੱਕ ਰਿਟਾਇਰ ਅਧਿਕਾਰੀ ਚਲਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਫਾਰਮ ਹਾਊਸ ਵਿਚ ਆਰਾਮ ਫਰਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਜਿਹਾ ਸ਼ਾਸਨ ਕਦੇ ਵੀ ਨਹੀਂ ਚਾਹੁੰਦੇ ਸਨ, ਜਿਸ ਵਿਚ ਮਾਫੀਆ ਦਾ ਰਾਜ ਚਲਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸੰਪਤੀ ਨੂੰ ਲੁੱਟਕੇ ਕਾਂਗਰਸੀ ਮੰਤਰੀ, ਆਗੂ ਅਤੇ ਉਨ੍ਹਾਂ ਦੇ ਚਹੇਤੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਬਿਲਕੁੱਲ ਬਰਬਾਦ ਹੋ ਚੁੱਕੀ ਹੋਵੇ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਇਕ ਆਸ ਦੀ ਕਿਰਨ ਲੈ ਕੇ ਆਈ ਹੈ। ਲੋਕਾਂ ਦਾ ਹੁਣ ਰਿਵਾਇਤੀ ਪਾਰਟੀਆਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ, ਸਿਰਫ ‘ਆਪ’ ਉਤੇ ਹੀ ਭਰੋਸਾ ਹੈ ਜੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉਤਰ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਆਉਂਦੀਆਂ ਚੋਣਾਂ ਵਿੱਚ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਉੱਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਪੰਜਾਬ ਦੀ ਸਿੱਖਿਆ, ਸਿਹਤ ਅਤੇ ਹੋਰ ਖੇਤਰ ਵਿੱਚ ਕੰਮਾਂ ਕਰਦੇ ਹੋਏ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ।