– 6 ਠੱਗ ਗ੍ਰਿਫਤਾਰ, ਹੁਣ ਤੱਕ 338 ਪੀੜਤਾਂ ਨਾਲ ਕਰੀਬ 20 ਹਜ਼ਾਰ ਡਾਲਰ ਦੀ ਕਰ ਚੁੱਕੇ ਹਨ ਠੱਗੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜੁਲਾਈ, 2025: ਮੋਹਾਲੀ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੌਰਾਨ 06 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਕਪਤਾਨ ਪੁਲਿਸ (ਪੀ ਬੀ ਆਈ) ਦੀਪਿਕਾ ਸਿੰਘ ਅਨੁਸਾਰ ਇਹ ਗੈਰ ਕਾਨੂੰਨੀ ਕਾਲ ਸੈਂਟਰ ਇੰਡਸਟਰੀਅਲ ਏਰੀਆ, ਫੇਸ 8-ਬੀ, ਮੋਹਾਲੀ ਵਿੱਚ, ਰੋਹਿਤ ਮਹਿਰਾ ਨਾਂ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਸੈਂਟਰ ਲਗਭਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇੰਨੇ ਥੋੜ੍ਹੇ ਸਮੇਂ ਵਿੱਚ ਹੀ ਇਹ ਗਿਰੋਹ ਕਰੀਬ 20,000 ਡਾਲਰ (ਅੰਦਾਜ਼ਨ 16 ਲੱਖ ਰੁਪਏ) ਦੀ ਠੱਗੀ ਕਰ ਚੁੱਕਾ ਸੀ।
ਉਨ੍ਹਾਂ ਦੱਸਿਆ ਕਿ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ਤੇ ਅਜਿਹੇ ਅਨਸਰਾਂ ਵਿਰੁੱਧ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 06 ਦੋਸ਼ੀਆਂ ਨੂੰ 06 ਲੈਪਟਾਪ ਅਤੇ 03 ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਗੂਗਲ ਐਡ ਰਾਹੀਂ ਆਪਣੇ ਜਾਲ ਵਿੱਚ ਫਸਾਉਂਦੇ ਸਨ ਅਤੇ ਝੂਠੇ ਮੈਸੇਜਾਂ ਜਾਂ ਪਾਪ-ਅੱਪਸ ਰਾਹੀਂ ਇਹ ਦੱਸਦੇ ਸਨ ਕਿ ਉਨ੍ਹਾਂ ਦੇ ਕੰਪਿਊਟਰ ਜਾਂ ਲੈਪਟਾਪ ਵਿੱਚ ਤਕਨੀਕੀ ਖ਼ਾਮੀ ਆ ਗਈ ਹੈ। ਫ਼ਿਰ ਉਨ੍ਹਾਂ ਤੋਂ ਆਪਣੇ ਨੰਬਰਾਂ ‘ਤੇ ਕਾਲ ਕਰਵਾਈ ਜਾਂਦੀ ਸੀ, ਠੱਗੀ ਦੇ ਜਾਲ਼ ਵਿੱਚ ਫਸੇ ਵਿਅਕਤੀਆਂ ਤੋਂ ਐਂਟੀ-ਵਾਇਰਸ ਜਾਂ ਸਿਸਟਮ ਅੱਪਡੇਟ ਦੇ ਨਾਂ ‘ਤੇ ਐਪਲ ਜਾਂ ਵਾਲਮਾਰਟ ਗਿਫਟ ਕਾਰਡ ਖਰੀਦਣ ਲਈ ਕਿਹਾ ਜਾਂਦਾ ਸੀ, ਜਿਸ ਦੇ ਕੋਡ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਸੀ। ਇਸ ਕਾਲ ਸੈਂਟਰ ਦਾ ਮਾਸਟਰ ਮਾਈਡ ਐਲਕਸ ਨਾਮ ਦਾ ਵਿਅਕਤੀ ਹੈ, ਜੋ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਮੁਕੱਦਮਾ ਨੰ. 193 ਮਿਤੀ : 09/07/2025 ਧਾਰਾਵਾਂ:-318(4), 61(2) ਬੀ.ਐੱਨ.ਐੱਸ. ਥਾਣਾ ਫੇਸ 1, ਐੱਸ.ਏ.ਐੱਸ. ਨਗਰ ਵਿਖੇ ਦਰਜ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਵਿੱਚ ਰੋਹਿਤ ਮਹਿਰਾ ਪੁੱਤਰ ਸੁਭਾਸ਼ ਕੁਮਾਰ – ਭਾਗ ਕਲਾਂ, ਲੁਧਿਆਣਾ, ਅਨਵਰ ਰੋਡਰਿਕਸ ਪੁੱਤਰ ਵਿਲਫਰੈਂਡ – ਗੋਆ, ਹਾਲ ਵਾਸੀ ਜ਼ੀਰਕਪੁਰ, ਸੋਮਦੇਵ ਪੁੱਤਰ ਦੋਬਾਸੀਸ- ਕਲਕੱਤਾ, ਹਾਲ ਵਾਸੀ ਜ਼ੀਰਕਪੁਰ, ਬੁੱਧਾ ਭੂਸ਼ਨ ਕਮਲੇ ਪੁੱਤਰ ਸਾਹਿਬ – ਪੂਨੇ, ਹਾਲ ਵਾਸੀ ਜ਼ੀਰਕਪੁਰ, ਐਥਨੀ ਗੌਮਸ ਪੁੱਤਰ ਰੇਸਮੀ – ਕਲਕੱਤਾ, ਹਾਲ ਵਾਸੀ ਜ਼ੀਰਕਪੁਰ ਅਤੇ ਜੀਤੇਸ਼ ਕੁਮਾਰ ਪੁੱਤਰ ਦਵਿੰਦਰ – ਲੁਧਿਆਣਾ ਸ਼ਾਮਿਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਬਰਾਮਦ ਹੋਏ 06 ਲੈਪਟਾਪ, 03 ਮੋਬਾਇਲ ਫੋਨ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਜਾਰੀ ਹੈ।
ਐਸ ਪੀ ਅਨੁਸਾਰ ਮੋਹਾਲੀ ਪੁਲਿਸ ਵੱਲੋਂ ਇਸ ਵੱਡੀ ਠੱਗੀ ਨੂੰ ਬੇਨਕਾਬ ਕਰਕੇ ਸਾਬਤ ਕੀਤਾ ਗਿਆ ਹੈ ਕਿ ਸਾਈਬਰ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਜਾਰੀ ਰੱਖੀ ਜਾਵੇਗੀ। ਇਨ੍ਹਾਂ ਦੇ ਬੈਂਕ ਲੈਣ-ਦੇਣ ਅਤੇ ਡਾਟਾ ਦੀ ਜਾਂਚ ਜਾਰੀ ਹੈ ਅਤੇ ਹੋਰ ਵੀ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਸ ਮੌਕੇ ਡੀ ਐੱਸ ਪੀ ਸਿਟੀ -1, ਪ੍ਰਿਥਵੀ ਸਿੰਘ ਰੰਧਾਵਾ ਅਤੇ ਡੀ ਐੱਸ ਪੀ (ਸਾਈਬਰ ਕ੍ਰਾਈਮ ਅਤੇ ਫੋਰੇਂਸਿਕ) ਸ਼੍ਰੀਮਤੀ ਰੁਪਿੰਦਰ ਦੀਪ ਕੌਰ ਸੋਹੀ ਵੀ ਮੌਜੂਦ ਸਨ।
