… ਚੋਣਾਂ ‘ਚ ਵੱਡੀ ਜਿੱਤ ਪ੍ਰਾਪਤ ਕਰੇਗੀ ਆਮ ਆਦਮੀ ਪਾਰਟੀ : ਜਰਨੈਲ ਸਿੰਘ/ਭਗਵੰਤ ਮਾਨ
ਚੰਡੀਗੜ੍ਹ, 21 ਜਨਵਰੀ 2021 – ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਵਿੱਚ ਪਾਰਟੀ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 35 ਸ਼ਹਿਰਾਂ ਵਾਸਤੇ 320 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ 35 ਥਾਵਾਂ ਉੱਤੇ 320 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ‘ਚ ਆਦਮਪੁਰ, ਭਿੱਖੀਵਿੰਡ, ਸਮਾਣਾ, ਮੁਕੇਰੀਆਂ, ਜ਼ੀਰਕਪੁਰ, ਡੇਰਾਬੱਸੀ, ਰਈਆ, ਬਠਿੰਡਾ, ਚਮਕੌਰ ਸਾਹਿਬ, ਕਪੂਰਥਲਾ, ਸ਼ਾਮ ਚੁਰਾਸੀ, ਹਰੀਆਣਾ, ਉੜਮੁੜ ਟਾਂਡਾ, ਹੁਸ਼ਿਆਰਪੁਰ, ਮਿਹਤਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ, ਫਿਲੌਰ, ਅਲਵਾਲਪੁਰ, ਜਗਰਾਉਂ, ਲੋਹੀਆਂ ਖਾਸ਼, ਖਰੜ, ਜੰਡਿਆਲਾ ਗੁਰੂ, ਦੋਰਾਹਾ, ਅਮਰਗੜ੍ਹ, ਅਹਿਮਦਗੜ੍ਹ, ਨੰਗਲ, ਮੋਗਾ, ਕੋਟ ਈਸੇ ਖਾਂ, ਨਿਹਾਲ ਸਿੰਘ ਵਾਲਾ, ਸਮਰਾਲਾ, ਰਾਏਕੋਟ, ਰਮਦਾਸ ਅਤੇ ਮਜੀਠਾ ਸ਼ਾਮਲ ਹਨ।
ਜਰਨੈਲ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਚੋਣ ਨਿਸ਼ਾਨ ਉੱਤੇ ਚੋਣ ਲੜੀ ਜਾਵੇਗੀ। ਇਸ ਵਾਰ ‘ਝਾੜੂ’ ਨਾਲ ਸ਼ਹਿਰ ਵਿੱਚ ਪਈ ਰਾਜਨੀਤਿਕ ਗੰਦਗੀ ਨੂੰ ਸਾਫ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਲੋਕਾਂ ਨੂੰ ਬਦਲਾਅ ਦਿੱਤਾ ਜਾਵੇਗਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹੇ ਲਿਖੇ ਅਤੇ ਇਮਾਨਦਾਰ ਉਮੀਦਵਾਰਾਂ ਦੀ ਚੋਣ ਕਰਨ ਜੋ ਉਨ੍ਹਾਂ ਦੇ ਕੰਮ ਕਰਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਦਾ ਕੰਮ ਕਰਨ ਦੀ ਬਜਾਏ ਆਪਣੀਆਂ ਜੇਬਾਂ ਭਰਨ ਲਈ ਕੰਮ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ।