- ਵਿਧਾਨ ਸਭਾ ਵਿੱਚ ਮਾਫੀਆ ਰਾਜ ਦਾ ਚੁੱਕਾਗੇ ਮੁੱਦਾ : ਹਰਪਾਲ ਚੀਮਾ
- ਰੇਤ ਸਮੇਤ ਹਰ ਪ੍ਰਕਾਰ ਦੇ ਮਾਫੀਆ ਲਈ ਕੈਪਟਨ ਅਤੇ ਉਸਦੇ ਮੰਤਰੀ, ਵਿਧਾਇਕ ਜ਼ਿੰਮੇਵਾਰ : ਨੀਨਾ ਮਿੱਤਲ
ਚੰਡੀਗੜ੍ਹ, 21 ਜਨਵਰੀ 2021 – ਆਮ ਆਦਮੀ ਪਾਰਟੀ ਪੰਜਾਬ ਵਿੱਚ ਚਲ ਰਹੇ ਮਾਈਨਿੰਗ ਮਾਫੀਏ ਦੇ ਰਾਜ ਦਾ ਮਾਮਲਾ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਠਾਉਂਦੇ ਹੋਏ ਮਾਫੀਆ ਦੇ ਸਰਗਨਾ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਰਦਾਫਾਸ ਕਰੇਗੀ। ਇਨ੍ਹਾਂ ਪ੍ਰਗਟਾਵਾ ਅੱਜ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਪਿੰਡਾਂ ਵਿੱਚ ਚੱਲ ਰਹੇ ਗੈਰਕਾਨੂੰਨ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕਰਨ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਖਜ਼ਾਨਚੀ ਨੀਨਾ ਮਿੱਤਲ, ਗੁਰਪ੍ਰੀਤ ਸੰਧੂ, ਵਿੱਕੀ ਘਨੌਰ ਵੀ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਪਾਰਲੀਮੈਂਟ ਹਲਕੇ ਪਟਿਆਲੇ ਵਿੱਚ ਸ਼ਰਾਬ ਮਾਫੀਆ, ਮਾਈਨਿੰਗ ਮਾਫੀਆ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਮਾਫੀਆ ਕੈਪਟਨ ਅਸ਼ੀਰਵਾਦ ਨਾਲ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ‘ਚ ਚਲ ਰਹੇ ਹਰ ਮਾਫੀਏ ਲਈ ਕੈਪਟਨ ਅਮਰਿੰਦਰ ਸਿੰਘ, ਮੰਤਰੀ ਅਤੇ ਵਿਧਾਇਕ ਜ਼ਿੰਮੇਵਾਰੀ ਹਨ, ਜਿਨ੍ਹਾਂ ਨੇ ਮਾਫੀਆਂ ਨਾਲ ਹਿੱਸੇਪੱਤੀ ਸਾਂਝੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ‘ਚ ਕੈਪਟਨ ਸਰਕਾਰ ਦੀਆਂ ਹਿਦਾਇਤਾਂ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ, ਪਿੰਡਾਂ ਵਿੱਚ 30-30 ਫੁੱਟ ਡੂੰਘੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਮੀਡੀਆ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਮਾਈਨਿੰਗ ਮਾਫੀਆ ਦਾ ਵਿਰੋਧ ਕਰਦੇ ਹਨ ਤਾਂ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਲੋਕਾਂ ਨੇ ਦੋ ਬੱਚਿਆਂ ਨੂੰ ਹਰਪਾਲ ਸਿੰਘ ਚੀਮਾ ਨਾਲ ਮਿਲਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੇ ਪਿਤਾ ਨੇ ਮਾਈਨਿੰਗ ਮਾਫੀਆ ਲਈ ਆਵਾਜ਼ ਚੁੱਕੀ ਸੀ, ਤਾਂ ਉਸ ਉੱਤੇ ਮਾਮਲਾ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਲੋਕਾਂ ਨਾਲ ਹੋ ਰਹੇ ਹਰ ਤਰ੍ਹਾਂ ਦੇ ਧੱਕੇ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਪਟਿਆਲਾ ਜ਼ਿਲ੍ਹੇ ਸਮੇਤ ਪੰਜਾਬ ਭਰ ਵਿੱਚ ਚੱਲ ਰਹੇ ਮਾਫੀਆ ਰਾਜ ਦਾ ਮੁੱਦਾ ਚੁੱਕੇਗੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਭ ਕੁਝ ਮੀਡੀਆ ਵਿੱਚ ਆਉਣ ਤੋਂ ਬਾਅਦ ਵੀ ਕੈਪਟਨ ਸਾਹਿਬ ਨੂੰ ਦਿਖਾਈ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਉੱਤੇ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਦਾ ਮਾਮਲਾ ਡੀਜੀਪੀ ਨੂੰ ਪੱਤਰ ਲਿਖਕੇ ਉਨ੍ਹਾਂ ਕੋਲ ਵੀ ਉਠਾਉਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਗਏ ਮਾਈਨਿੰਗ ਮਾਫੀਆ ਮਾਡਲ ਨੂੰ ਹੁਣ ਕੈਪਟਨ ਸਾਹਿਬ ਅੱਗੇ ਵਧਾ ਰਹੇ ਹਨ। ਪਹਿਲਾਂ ਮਾਫੀਆ ਤੋਂ ਬਾਦਲ ਪਰਿਵਾਰ ਮੋਟੇ ਪੈਸੇ ਲੈਂਦੇ ਰਹੇ ਅਤੇ ਹੁਣ ਕੈਪਟਨ ਸਾਹਿਬ ਆਪਣੀ ਜੇਬ ਭਰ ਰਹੇ ਹਨ। ਇਸ ਮੌਕੇ ਪੱਪੂ, ਅਮਰ ਸੈਣੀ, ਹਰਜੀਤ ਸੇਹਰਾ, ਇਸਲਾਮ ਅਲੀ, ਦਿਨੇਸ਼ ਮਹਿਤਾ, ਮਨਦੀਪ ਸਰਾਓ, ਰਤਨੀਸ਼ ਜਿੰਦਲ ਹਾਜ਼ਰ ਸਨ।