- ਦੇਸ਼ ਲਈ ਪੁੱਤਰ ਵਾਰ ਕੇ ਪੋਤਰੇ ਨਾਲ ਕਿਸਾਨ ਸੰਘਰਸ਼ ਵਿਚ ਸ਼ਾਮਿਲ ਬਿਰਧ ਮਾਤਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਉਣ ਦਾ ਕੇਂਦਰ ਸਰਕਾਰ ਨੂੰ ਦਿੱਤਾ ਸੁਝਾਅ
ਚੰਡੀਗੜ੍ਹ, 24 ਜਨਵਰੀ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਗਣਤੰਤਰ ਦਿਵਸ ਦੀ ਕੌਮੀ ਪੱਧਰ ਦੀ ਪਰੇਡ ਵਿਚ ਨਾ ਬੁਲਾ ਕੇ ਸਰਕਾਰ ਤੇ ਕਿਸਾਨਾਂ ਵਿਚਕਾਰ ਗਤੀਰੋਧ ਨੂੰ ਤੋੜਨ ਦਾ ਸੁਨਹਰੀ ਮੌਕਾ ਗੁਵਾ ਲਿਆ ਹੈ। ਨਾਲ ਹੀ ਉਨਾਂ ਨੇ ਪ੍ਰਧਾਨ ਮੰਤਰੀ ਨੂੰ ਹੁਣ ਵੀ ਸੁਝਾਅ ਦਿੱਤਾ ਕਿ ਉਹ ਉਸ ਬਿਰਧ ਮਾਤਾ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦੇਣ ਜਿਸ ਨੇ ਆਪਣਾ ਪੁੱਤਰ ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ ਸੀ ਅਤੇ ਹੁਣ ਆਪਣੇ ਪੋਤਰੇ ਨਾਲ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਆਮ ਲੋਕਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਿਸਾਨ ਸੰਘਰਸ਼ ਦਾ ਹਿੱਸਾ ਬਣੀ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹੰਕਾਰ ਕਾਰਨ ਕਿਸਾਨਾਂ ਦੀ ਮੰਗ ਨਾ ਸੁਣ ਕੇ ਦੇਸ਼ ਦੀ ਸਰਕਾਰ ਦੇਸ਼ ਦੇ ਗਣਾਂ ਦਾ ਅਪਮਾਨ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਗਣਤੰਤਰ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਸਰਕਾਰ ਦੇਸ਼ ਦੇ ਗਣ ਦੀ ਗੱਲ ਸੁਣੇ। ਉਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਚੰਗਾ ਹੁੰਦਾ ਜੇਕਰ ਸਰਕਾਰ ਕਿਸਾਨਾਂ ਨੂੰ ਵੀ ਸਰਕਾਰੀ ਪੱਧਰ ਤੇ ਹੋਣ ਵਾਲੀ ਪਰੇਡ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦੀ। ਉਨਾਂ ਨੇ ਕਿਹਾ ਕਿ ਉਹ ਰਿਟਾਇਰਡ ਐਡਮਿਰਲ ਰਾਮਦਾਸ ਦੇ ਸੁਝਾਅ ਨਾਲ ਸਹਿਮਤ ਹਨ ਕਿ ਰਾਜਪੱਥ ਤੇ ਸਰਕਾਰੀ ਪਰੇਡ ਤੋਂ ਬਾਅਦ ਉਥੇ ਹੀ ਕਿਸਾਨਾਂ ਨੂੰ ਟਰੈਕਟਰ ਪਰੇਡ ਕਰਨ ਦੀ ਆਗਿਆ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ ਉਹ ਮਾਤਾ ਮਹਿੰਦਰ ਕੌਰ ਨੂੰ ਵੀ ਸੱਦਾ ਦਿੱਤਾ ਜਾਵੇ ਜਿਸ ਨੂੰ ਭਾਜਪਾ ਦੇ ਲੋਕਾਂ ਨੇ ਦਿਹਾੜੀਦਾਰ ਕਹਿ ਕੇ ਅਪਮਾਨ ਕੀਤਾ ਸੀ।
ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵਈਆ ਤਿਆਗ ਕਿ ਕਿਸਾਨਾਂ ਨਾਲ ਗੱਲਬਾਤ ਜਾਰੀ ਰੱਖਦੇ ਹੋਏ ਉਨਾਂ ਦੀ ਮੰਗ ਮੰਨ ਕੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਸਰਕਾਰ ਦਾ ਹੰਕਾਰ ਤਾਂ ਇਸ ਕਦਰ ਵੱਧ ਚੁੱਕਾ ਹੈ ਕਿ ਦੇਸ਼ ਦੇ ਕਿਸਾਨ ਨੂੰ ਆਪਣੇ ਹੀ ਦੇਸ਼ ਦੀ ਰਾਜਧਾਨੀ ਵਿਚ ਗਣਤੰਤਰ ਦਿਵਸ ਪਰੇਡ ਕਰਨ ਲਈ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਸਰਕਾਰ ਸਰੱਹਦਾਂ ਤੇ ਅੰਦੋਲਣ ਕਰ ਰਹੀਆਂ ਸਾਡੀਆਂ ਸਤਿਕਾਰਤ ਬੀਬੀਆਂ ਨੂੰ ਵੀ ਕੌਮੀ ਪਰੇਡ ਵੇਖਣ ਲਈ ਸੱਦਾ ਦੇਣਾ ਚਾਹੀਦਾ ਸੀ। ਉਨਾਂ ਨੇ ਕਿਹਾ ਕਿ ਤਾਂਹੀ ਇਹ ਸਹੀ ਅਰਥਾਂ ਵਿਚ ਜੈ ਜਵਾਨ ਜੈ ਕਿਸਾਨ ਪਰੇਡ ਹੋਣੀ ਸੀ। ਉਨਾਂ ਨੇ ਕਿਹਾ ਕਿ ਅਜਿਹਾ ਕਰਕੇ ਭਾਜਪਾ ਆਗੂਆਂ ਵੱਲੋਂ ਆਪਣੇ ਬਿਆਨਾਂ ਰਾਹੀਂ ਫੈਲਾਏ ਜਹਿਰ ਦੇ ਅਸਰ ਨੂੰ ਘੱਟ ਕਰਨ ਦਾ ਯਤਨ ਵੀ ਸਰਕਾਰ ਕਰ ਸਕਦੀ ਸੀ। ਉਨਾਂ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੇ ਬੱਚਿਆਂ ਜਿੰਨਾਂ ਨੇ ਦੇਸ਼ ਦੀ ਰਾਖੀ ਲਈ ਜਾਨਾਂ ਦੀ ਕੁਰਬਾਨੀ ਦਿੱਤੀ ਹੈ ਦੀ ਸਹਾਦਤ ਨੂੰ ਨਮਨ ਕਰਨ ਲਈ ਬਣਾਈ ਅਮਰ ਜਵਾਨ ਜਯੋਤੀ ਤੇ ਵੀ ਕਿਸਾਨਾਂ ਨੂੰ ਆਪਣੀ ਸ਼ਰਧਾਂ ਭੇਂਟ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗਣਤੰਤਰ ਦਿਵਸ ਮੌਕੇ ਦੇਸ਼ ਦੇ ਲੋਕਾਂ ਦੀ ਅਵਾਜ ਨੂੰ ਸੁਣ ਕੇ ਕਾਲੇ ਕਾਨੂੰਨ ਰੱਦ ਕਰੇ।