ਫਰੀਦਕੋਟ, 5 ਅਪ੍ਰੈਲ 2024 – ਲੋਕ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ 13 ਸੀਟਾਂ ‘ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਦੌਰਾਨ ਜਿਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਗਿਆ ਹੈ, ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਿੱਚ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਵੀ ਚੋਣ ਪ੍ਰਚਾਰ ਲਈ ਫਰੀਦਕੋਟ ਪਹੁੰਚੇ। ਜਿੱਥੇ ਉਨ੍ਹਾਂ ਨੂੰ ਰੋਡ ਸ਼ੋਅ ਦੌਰਾਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੰਸ ਰਾਜ ਹੰਸ ਦੇ ਕਾਫਲੇ ਨੂੰ ਸ਼ਹਿਰ ਦੇ ਲਗਪਗ ਹਰ ਚੌਕ ਵਿੱਚ ਰੋਕਿਆ ਅਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ। ਕਿਸਾਨ ਆਗੂਆਂ ਨੇ ਹੰਸ ਰਾਜ ਹੰਸ ਨੂੰ ਫ਼ਰੀਦਕੋਟ ਤੋਂ ਵਾਪਸ ਜਾਣ ਲਈ ਕਿਹਾ। ਹੰਸ ਰਾਜ ਹੰਸ ਦਾ ਕਾਫਲਾ ਪੁਲੀਸ ਦੀ ਮਦਦ ਨਾਲ ਅੱਗੇ ਵਧਿਆ। ਇਸ ਮੌਕੇ ਪੁਲੀਸ ਨੇ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਅਤੇ ਕੁਝ ਦੇਰ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ।