.. ਸੂਬੇ ਭਰ ‘ਚ 139 ਥਾਵਾਂ ਉੱਤੇ ਝਾੜੂ ਲਗਾਕੇ ‘ਆਪ’ ਵੱਲੋਂ “ਸਾਰਿਆਂ ਨੂੰ ਅਜਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ” ਮੁਹਿੰਮ ਦੀ ਕੀਤੀ ਸ਼ੁਰੂਆਤ
.. ਭ੍ਰਿਸ਼ਟਾਚਾਰ ਖਤਮ ਕਰਕੇ ਪੀਣ ਵਾਲਾ ਪਾਣੀ, ਸਾਫ ਸਫਾਈ, ਸੁੰਦਰ ਪਾਰਕ, ਸਾਫ ਜਨਤਕ ਪਖਾਨੇ ਅਤੇ ਡੋਰ ਸਟੈਪ ਸਰਵਿਸ ਮੁਹੱਈਆ ਕਰਾਂਗੇ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 5 ਫਰਵਰੀ 2021 – ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਵਿੱਚ 139 ਥਾਵਾਂ ਉੱਤੇ ਹੋ ਰਹੀਆਂ ਐਮ ਸੀ ਚੋਣਾਂ ਲਈ “ਸਾਰਿਆਂ ਨੂੰ ਅਜਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ” ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ‘ਆਪ’ ਦੇ ਵਿਧਾਇਕਾਂ ਜਗਤਾਰ ਸਿੰਘ ਜੱਗਾ, ਪ੍ਰਿੰਸੀਪਲ ਬੁੱਧ ਰਾਮ, ਰੁਪਿੰਦਰ ਕੌਰ ਰੂਬੀ, ਗੁਰਮੀਤ ਸਿੰਘ ਮੀਤ ਹੇਅਰ, ਬਲਦੇਵ ਸਿਘ ਜੇਤੋ ਵੱਲੋਂ ਚੋਣ ਪ੍ਰਚਾਰ ਸਬੰਧੀ ਇਕ ਗੀਤ ਲਾਂਚ ਕੀਤਾ ਗਿਆ। ਪਾਰਟੀ ਹੈੱਡ ਕੁਆਟਰ ਤੋਂ ਜਾਰੀ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ‘ਆਪ’ ਦੇ ਸਾਰੇ ਉਮੀਦਵਾਰਾਂ ਅਤੇ ਅਹੁਦੇਦਾਰਾਂ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਲਗਾਕੇ ਕੀਤੀ ਗਈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਦੇ ਸਾਰੇ ਵਲੰਟੀਅਰਾਂ ਵੱਲੋਂ ਅੱਜ ਝਾੜੂ ਚਲਾਕੇ ਸਾਰੇ ਪੰਜਾਬ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਰਾਂ, ਗਲੀਆਂ ‘ਚ ਝਾੜੂ ਲਗਾਕੇ ਗੰਦਗੀ ਨੂੰ ਸਾਫ ਕੀਤਾ ਜਾਂਦਾ ਹੈ, ਚੋਣਾਂ ਵਿੱਚ ਝਾੜੂ ਚਲਾਕੇ ਅਕਾਲੀਆਂ-ਕਾਂਗਰਸੀਆਂ ਵੱਲੋਂ ਨਗਰ ਨਿਗਮਾਂ, ਮਿਊਸ਼ਪਲ ਕੌਂਸਲ ਵਿੱਚ ਪਾਈ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਲੰਟੀਅਰ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਸਾਫ ਕਰਨ ਵਾਲੇ ਅੱਜ ਪ੍ਰਣ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ‘ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ’ ਦਾ ਸੰਲੋਗਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਅੱਡੇ ਬਣ ਚੁੱਕੇ ਹਨ। ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਕਿਤੇ ਵੀ ਸ਼ਹਿਰ ਵਿੱਚ ਅਪਰਾਧਾਂ ਨੂੰ ਰੋਕਣ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਨੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਲੋਕਾਂ ਨੂੰ ਬਦਲਾਅ ਦਿੱਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ।
‘ਆਪ’ ਆਗੂਆਂ ਨੇ ਕਿਹਾ ਕਿ ਵੋਟਰਾਂ ਨੇ ਪਹਿਲਾਂ ਅਕਾਲੀਆਂ ਅਤੇ ਕਾਂਗਰਸੀਆਂ ਦੋਵਾਂ ਪਾਰਟੀਆਂ ਨੂੰ ਮੌਕਾ ਦਿੱਤਾ, ਪ੍ਰੰਤੂ ਰਿਵਾਇਤੀ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦੇ ਅਧਿਕਾਰ ਨੂੰ ਵਰਤਦੇ ਹੋਏ ਇਸ ਵਾਰ ਬਦਲਾਅ ਲਿਆਉਣ ਵਾਸਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਪੰਜਾਬ ਦੇ ਨਗਰ ਪਾਲਿਕਾਵਾਂ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ, ਸ਼ਹਿਰਾਂ ਨੂੰ ਸਾਫ ਸੁਥਰਾ ਬਣਾਇਆ ਜਾਵੇ ਅਤੇ ਸ਼ਹਿਰ ਵਿਚ ਵਿਕਾਸ ਦੇ ਕੰਮ ਕਰਵਾਏ ਜਾਣ। ਅੱਜ ਦੀ ਚੋਣ ਮੁਹਿੰਮ ਵਿੱਚ ‘ਆਪ’ ਦੇ ਸਾਰੇ ਆਗੂ, ਵਰਕਰ ਅਤੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ।