ਬਠਿੰਡਾ,1ਜੂਨ2021: ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਪਿੰਡ ਵਾਸੀ ਗੁਰਮੇਲ ਸਿੰਘ ਖਾਲਸਾ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਅਤੇੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਪੂਰੇ ਕਰਨ ਲਈ ਕੀਤੀ ਗਈ ਵਿਵਾਦਤ ਅਰਦਾਸ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਭਾਰਤੀ ਜੰਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੂੰ ਨਾਮਜ਼ਦ ਕੀਤਾ ਹੈ। ਥਾਣਾ ਸਦਰ ਬਠਿੰਡਾ ਪੁਲਿਸ ਨੇ ਸਰਾਂ ਖਿਲਾਫ ਇਹ ਕਾਰਵਾਈ ਧਾਰਾ 120 ਬੀ ਤਹਿਤ ਕੀਤੀ ਹੈ। ਥਾਣਾ ਸਦਰ ਬਠਿੰਡਾ ਨੇ ਇਸ ਮਾਮਲੇ ਸਬੰਧੀ ਵਿਵਾਦਪੂਰਨ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਖਿਲਾਫ 20 ਮਈ ਨੂੰ ਐਫ ਆਈ ਆਰ ਨੰਬਰ 75 ਧਾਰਾ 295 ਏ ਤਹਿਤ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਜੋਕਿ ਇਸ ਵੇਲੇ ਜੇਲ੍ਹ ’ਚ ਬੰਦ ਹੈ। ਗੁਰਮੇਲ ਸਿੰਘ ਦੀ ਪਤਨੀ ਰਾਜਪਾਲ ਕੌਰ ਪਿੰਡ ਦੀ ਸਰਪੰਚ ਹੈ।
ਸੁਖਪਾਲ ਸਿੰਘ ਸਰਾਂ ਨੇ ਥਾਣਾ ਸਦਰ ਦੇ ਮੁੱਖ ਥਾਣਾ ਅਫਸਰ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਇੱਕ ਸਿਆਸੀ ਆਗੂ ਹੋਣ ਦੇ ਨਾਤੇ ਗੁਰਮੇਲ ਸਿੰਘ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਮਿਲੇ ਸਨ। ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਪੁਲਿਸ ਜਾਂਚ ’ਚ ਸ਼ਾਮਲ ਹੋਣ ਲਈ ਤਿਆਰ ਹਨ। ਪੱਤਰ ’ਚ ਆਖਿਆ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਹ ਸਿੱਖੀ ’ਚ ਵਿਸ਼ਵਾਸ਼ ਰੱਖਦੇ ਹਨ ਅਤੇ ਉਹ ਡੇਰਾ ਸੱਚਾ ਸੌਦਾ ਦੇ ਮੁਖੀ ਖਿਲਾਫ ਹਨ। ਪੱਤਰ ਅਨੁਸਾਰ ਉਨ੍ਹਾਂ ਨੇ ਡੇਰਾ ਮੁਖੀ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ ਸੀ ਅਤੇ ਉਹਨਾਂ ਜਾਂ ਭਾਜਪਾ ਦਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਨਾਲ ਕੋਈ ਸਬੰਧ ਨਹੀਂ ਹੈ।