ਨਵੀਂ ਦਿੱਲੀ, 26 ਫਰਵਰੀ 2022 – ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਤਿੰਨ-ਪਾਸਿਆਂ ਤੋਂ ਹਮਲਾ ਕੀਤਾ। ਦੋ ਦਿਨਾਂ ਦੇ ਲਗਾਤਾਰ ਹਮਲਿਆਂ ਅਤੇ ਕੀਵ ਦੀ ਘੇਰਾਬੰਦੀ ਤੋਂ ਬਾਅਦ ਵੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਆਪਣੇ ਦੇਸ਼ ਯੂਕਰੇਨ ਵਿੱਚ ਹੀ ਬਣੇ ਹੋਏ ਹਨ। ਅੱਜ ਰੂਸ-ਯੂਕਰੇਨ ਦੀ ਜੰਗ ਦਾ ਤੀਜਾ ਦੀਨਾ ਹੈ। ਇਸ ਤੀਜੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰਾਜਧਾਨੀ ਕੀਵ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੀਵ ‘ਚ ਖੜ੍ਹੇ ਹਾਂ, ਅਸੀਂ ਯੂਕਰੇਨ ਦਾ ਬਚਾਅ ਕਰ ਰਹੇ ਹਾਂ। ਵੀਡੀਓ ਰਾਹੀਂ ਜ਼ੇਲੇਂਸਕੀ ਨੇ ਐਲਾਨ ਕੀਤਾ ਹੈ ਕਿ ਯੂਕਰੇਨ ਦੀ ਲੀਡਰਸ਼ਿਪ ਅਤੇ ਸੰਸਦ ਕੀਵ ਵਿੱਚ ਹੀ ਰਹੇਗੀ। ਇਸ ਤੋਂ ਬਿਨਾ ਅਮਰੀਕਾ ਨੇ ਵੀ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਯੂਕਰੇਨ ਤੋਂ ਬਾਹਰ ਕੱਢਣ ਦੀ ਪੇਸ਼ਕਸ਼ ਕੀਤੀ ਸੀ ਪਰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਨੂੰ ਠੁਕਰਾ ਦਿੱਤਾ ਹੈ।
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਦੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਤੱਕ ਹਜ਼ਾਰਾਂ ਲੋਕ ਮਰ ਚੁੱਕੇ ਹਨ। ਵੱਡੀ ਗਿਣਤੀ ਵਿੱਚ ਲੋਕ ਭੂਮੀਗਤ ਸ਼ੈਲਟਰ ਵਿੱਚ ਡਰ ਕੇ ਬੈਠੇ ਹਨ। ਇਸ ਦੌਰਾਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਯੂਕਰੇਨ ਦੇ ਰਾਸ਼ਟਰਪਤੀ ਯੁੱਧ ਛੱਡ ਕੇ ਦੇਸ਼ ਛੱਡ ਕੇ ਭੱਜ ਗਏ ਹਨ। ਇਸ ਵੀਡੀਓ ਨੂੰ ਜਾਰੀ ਕਰਕੇ ਜ਼ੇਲੇਂਸਕੀ ਨੇ ਅਜਿਹੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ।
ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਦਾ ਇਹ ਦੂਜਾ ਵੀਡੀਓ ਹੈ। ਇਸ ਤੋਂ ਪਹਿਲਾਂ ਜ਼ੇਲੇਂਸਕੀ ਨੇ ਇੱਕ ਵੀਡੀਓ ਜਾਰੀ ਕਰਕੇ ਭਾਵੁਕ ਅਪੀਲ ਕੀਤੀ ਸੀ। “ਮੈਂ, ਮੇਰਾ ਪਰਿਵਾਰ ਅਤੇ ਮੇਰੇ ਬੱਚੇ ਸਾਰੇ ਯੂਕਰੇਨ ਵਿੱਚ ਹਾਂ,” ਜ਼ੇਲੇਨਸਕੀ ਨੇ ਕਿਹਾ ਉਹ ਗੱਦਾਰ ਨਹੀਂ ਹਨ, ਉਹ ਯੂਕਰੇਨ ਦੇ ਨਾਗਰਿਕ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ, ਜਦਕਿ ਮੇਰਾ ਪਰਿਵਾਰ ਉਨ੍ਹਾਂ ਦੇ ਦੂਜੇ ਨਿਸ਼ਾਨੇ ‘ਤੇ ਹੈ।
ਯੁੱਧ ਦੇ ਵਿਚਕਾਰ, ਪਹਿਲੀ ਵਾਰ, ਰੂਸੀ ਰਾਸ਼ਟਰਪਤੀ ਪੁਤਿਨ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਕਿਹਾ- ਸਾਡੀ ਰਣਨੀਤੀ ਅਤੇ ਇਰਾਦੇ ਬਿਲਕੁਲ ਸਾਫ਼ ਹਨ। ਅਸੀਂ ਯੂਕਰੇਨ ‘ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ। ਇਸ ਲਈ ਯੂਕਰੇਨ ਦੀ ਫੌਜ ਨੂੰ ਤੁਰੰਤ ਆਤਮ ਸਮਰਪਣ ਕਰਨਾ ਚਾਹੀਦਾ ਹੈ।