ਚੰਡੀਗੜ੍ਹ,18 ਅਪ੍ਰੈਲ 2021 – ਪੰਜਾਬ ਰਾਜ ਵਿਚ ਚੱਲ ਰਹੀ ਕਣਕ ਦੀ ਫ਼ਸਲ ਖਰੀਦ ਦੋਰਾਨ ਕਣਕ ਦੀ ਐਚ.ਡੀ.2967 ਕਿਸਮ ਦੀ ਖਰੀਦ ਨਿਰਵਿਘਨ ਜਾਰੀ ਹੈ, ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ।
ਸੂਬੇ ਦੇ ਮਾਲਵਾ ਖੇਤਰ ਖੇਤਰ ਵਿਚ ਐਚ.ਡੀ.2967 ਕਿਸਮ ਦੀ ਖਰੀਦ ਨਾ ਹੋਣ ਸਬੰਧੀ ਛਪੀਆਂ ਖ਼ਬਰਾਂ ਨੂੰ ਤੱਥਾਂ ਤੋਂ ਉਲਟ ਕਰਾਰ ਦਿੰਦਿਆਂ ਆਸ਼ੂ ਨੇ ਕਿਹਾ ਕਿ ਪੰਜਾਬ ਰਾਜ ਦੀ ਮਾਲਵਾ ਖੇਤਰ ਵਿਚ ਬੀਤੇ ਕਈ ਸਾਲਾਂ ਤੋਂ ਐਚ.ਡੀ.2967 ਕਿਸਮ ਦੀ ਕਾਸ਼ਤ ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਵਾਨਿਤ ਹੈ ਅਤੇ ਹਰੇਕ ਕਣਕ ਖਰੀਦ ਸੀਜ਼ਨ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵਲੋਂ ਇਸ ਕਿਸਮ ਦੀ ਖਰੀਦ ਬਿਨਾਂ ਕਿਸੇ ਰੋਕ ਟੋਕ ਦੇ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਐਚ.ਡੀ.2967 ਕਿਸਮ ਦੀ ਖਰੀਦ ਨਾ ਹੋਣ ਸਬੰਧੀ ਜ਼ੋ ਖਬਰਾਂ ਛਪੀਆਂ ਹਨ ਉਹ ਤੱਥਾਂ ਤੋਂ ਉਲਟ ਹਨ ਅਸਲ ਵਿਚ ਮੰਡੀ ਵਿੱਚ ਲਿਆਂਦੀ ਗਈ ਫਸਲ ਪੂਰੀ ਤਰ੍ਹਾਂ ਸਾਫ਼ ਨਹੀਂ ਸੀ ਜਿਸ ਕਾਰਨ ਸਬੰਧਤ ਕਿਸਾਨ ਨੂੰ ਕਣਕ ਸਰਕਾਰ ਦੇ ਤੈਅ ਸ਼ੁਦਾ ਪੈਮਾਨੇ ਅਨੁਸਾਰ ਸਾਫ਼ ਕਰਕੇ ਲਿਆਉਣ ਲਈ ਕਿਹਾ ਗਿਆ ਸੀ।।
ਆਸ਼ੂ ਨੇ ਦੱਸਿਆ ਕਿ ਐਫ਼.ਸੀ.ਆਈ. ਵਲੋ ਇਸ ਕਿਸਮ ਦੀ ਖਰੀਦ ਕਰਨ ਤੋਂ ਕਦੀ ਵੀ ਮਨ੍ਹਾਂ ਨਹੀਂ ਕੀਤਾ ਗਿਆ ਸਗੋਂ ਮਾਨਸਾ ਜ਼ਿਲ੍ਹੇ ਦੀ ਧਾਮੂ ਮੰਡੀ ਵਿੱਚ ਮਿਤੀ 16 ਅਪ੍ਰੈਲ 2021 ਨੂੰ ਐਚ.ਡੀ.2967 ਕਿਸਮ ਦੀ 750 ਕੁਇੰਟਲ ਅਤੇ 17 ਅਪ੍ਰੈਲ 2021 ਨੂੰ ਐਚ.ਡੀ.2967 ਕਿਸਮ ਦੀ 4500 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ।
ਆਸ਼ੂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਣ ਲਈ ਵਚਨਬੱਧ ਹੈ।