- ਪੇਡਾ ਤੇ ਚੀਫ ਇਲੈਕਟ੍ਰੀਕਲ ਇੰਸਪੈਕਟਰ ਵਿਭਾਗ ਦੇ ਪੁਨਰਗਠਨ ਨੂੰ ਵੀ ਦਿੱਤੀ ਪ੍ਰਵਾਨਗੀ
ਚੰਡੀਗੜ੍ਹ, 18 ਜੂਨ 2021 – ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਜਾਂਚ ਦੀ ਕਾਰਜਕੁਸ਼ਲਤਾ ਅਤੇ ਸਮੁੱਚੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਸਿਵਲੀਅਨ ਸਹਿਯੋਗੀ ਸਟਾਫ (ਮਾਹਿਰ ਸਹਿਯੋਗੀ ਸਟਾਫ) ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ।
915 ਸਿਪਾਹੀਆਂ ਦੀਆਂ ਅਸਾਮੀਆਂ ਖਤਮ ਕਰਨ ਦੇ ਨਾਲ ਇਹ ਅਸਾਮੀਆਂ ਬਿਨਾਂ ਕਿਸੇ ਮਾਲੀਆ ਦੇ ਬੋਝ ਨਾਲ ਭਰੀਆਂ ਜਾਣਗੀਆਂ ਜਿਸ ਦਾ ਕੋਈ ਵਾਧੂ ਵਿੱਤੀ ਪ੍ਰਭਾਵ ਨਹੀਂ ਪਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਵਰਚੁਅਲ ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੀ ਸਿਰਜਣਾ ਕਰਨ ਦੇ ਫੈਸਲੇ ਦਾ ਮੰਤਵ ਅਮਨ ਤੇ ਕਾਨੂੰਨ ਵਿਵਸਥਾ ਦੇ ਲਿਹਾਜ ਨਾਲ ਕੰਮਕਾਜ ਵਿੱਚ ਕਾਰਜਕੁਸ਼ਲਤਾ ਵਧਾ ਕੇ ਜਾਂਚ ਦੇ ਕੰਮਕਾਜ ਨੂੰ ਹੋਰ ਵਧਾਉਣਾ ਹੈ। ਕੈਬਨਿਟ ਨੇ ਪੁਨਰਗਠਨ ਦੇ ਕੰਮ ਲਈ ਜ਼ਰੂਰੀ ਨਿਯਮ ਬਣਾਉਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ।
ਨਵੀਆਂ ਬਣਾਈਆਂ ਜਾ ਰਹੀਆਂ ਅਸਾਮੀਆਂ ਵਿੱਚੋਂ ਕਾਨੂੰਨੀ ਖੇਤਰ ਵਿੱਚ 157 ਅਸਾਮੀਆਂ (120 ਸਹਾਇਕ ਲੀਗਲ ਅਫਸਰ, 28 ਲੀਗਲ ਅਫਸਰ, 8 ਲੀਗਲ ਸਲਾਹਕਾਰ ਅਤੇ ਇਕ ਮੁੱਖ ਲੀਗਲ ਸਲਾਹਕਾਰ), ਫੋਰੈਂਸਿਕ ਖੇਤਰ ਵਿੱਚ 242 ਅਸਾਮੀਆਂ (150 ਸਹਾਇਕ ਫੋਰੈਂਸਿਕ ਅਫਸਰ, 60 ਫੋਰੈਂਸਕ ਅਫਸਰ, 31 ਸੀਨੀਅਰ ਫੋਰੈਂਸਿਕ ਸੁਪਰਵਾਈਜ਼ਰ ਤੇ ਇਕ ਮੁੱਖ ਫੋਰੈਂਸਿਕ ਅਫਸਰ), ਸੂਚਨਾ ਤਕਨਾਲੋਜੀ ਖੇਤਰ ਵਿੱਚ 301 (214 ਸੂਚਨਾ ਤਕਨਾਲੋਜੀ ਸਹਾਇਕ ਸਾਫਟਵੇਅਰ, 53 ਸੂਚਨਾ ਤਕਨਾਲੋਜੀ ਅਫਸਰ, 33 ਕੰਪਿਊਟਰ/ਡਿਜੀਟਲ ਫੋਰੈਂਸਿਕ ਅਫਸਰ ਤੇ ਇਕ ਚੀਫ ਸੂਚਨਾ ਤਕਨਾਲੋਜੀ ਅਫਸਰ) ਅਤੇ ਵਿੱਤੀ ਖੇਤਰ ਵਿੱਚ 70 ਸਹਾਇਕ ਵਿੱਤੀ ਪੜਤਾਲਕਾਰ, 27 ਵਿੱਤੀ ਅਫਸਰ ਅਤੇ 1 ਮੁੱਖ ਵਿੱਤੀ ਅਫਸਰ ਸ਼ਾਮਲ ਹਨ।
ਪੇਡਾ ਤੇ ਚੀਫ ਇਲੈਕਟ੍ਰੀਕਲ ਇੰਸਪੈਕਟਰ ਵਿਭਾਗਾਂ ਦੇ ਪੁਨਰਗਠਨ ਨੂੰ ਦਿੱਤੀ ਪ੍ਰਵਾਨਗੀ
ਮੰਤਰੀ ਮੰਡਲ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਿੱਚ ਪੁਨਰ ਗਠਨ ਦੇ ਹਿੱਸੇ ਵਜੋਂ 29 ਖਾਲੀ ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ। ਇਨ੍ਹਾਂ ਅਸਾਮੀਆਂ ਵਿੱਚ 15 ਮੈਨੇਜਰ, 5-5 ਸਹਾਇਕ ਮੈਨੇਜਰ ਤੇ ਕਲਰਕ ਕਮ ਡਾਟਾ ਐਂਟਰੀ ਆਪ੍ਰੇਟਰਜ਼ (ਕੇਂਦਰੀ ਪੂਲ ਵਿੱਚੋਂ ਲਏ ਜਾਣਗੇ), ਦੋ ਸਹਾਇਕ ਮੈਨੇਜਰ (ਲੇਖਾ), 1-1 ਪ੍ਰੋਗਰਾਮਰ ਤੇ ਸਹਾਇਕ ਮੈਨੇਜਰ (ਲੋਕ ਸੰਪਰਕ) ਸ਼ਾਮਲ ਹਨ। ਗਰੁੱਪ ਡੀ ਦੀਆਂ ਸਾਰੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਐਲਾਨਦਿਆਂ ਸਾਰੀਆਂ ਅਸਾਮੀਆਂ ਖਤਮ ਕਰ ਦਿੱਤੀਆਂ। ਅੱਗੇ ਤੋਂ ਭਰਤੀ ਆਊਟਸੋਰਸਿੰਗ ਦੇ ਆਧਾਰ ‘ਤੇ ਹੋਵੇਗੀ।
ਇਸੇ ਦੌਰਾਨ ਮੰਤਰੀ ਮੰਡਲ ਨੇ ਪੁਨਰਗਠਨ ਦੀ ਪ੍ਰਕਿਰਿਆ ਅਧੀਨ ਚੀਫ ਇਲੈਕਟ੍ਰੀਕਲ ਵਿਭਾਗ ਵਿੱਚ 38 ਅਸਾਮੀਆਂ ਨੂੰ ਤਿਆਗਦਿਆਂ 21 ਖਾਲੀ ਅਸਾਮੀਆਂ ਭਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਅਸਾਮੀਆਂ ਸਹਾਇਕ ਇਲੈਕਟ੍ਰੀਕਲ ਇੰਸਪੈਕਟਰ, ਲਾਈਨ ਸੁਪਰਡੈਂਟ ਤੇ ਕਲਰਕ ਦੀਆਂ 6-6 ਅਤੇ ਸਟੈਨੋ ਟਾਈਪਿਸਟ ਦੀਆਂ 3 ਅਸਾਮੀਆਂ ਹਨ। ਇਸ ਤੋਂ ਇਲਾਵਾ ਗਰੁੱਪ ਡੀ ਦੀਆਂ ਸਾਰੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਐਲਾਨਦਿਆਂ ਸਾਰੀਆਂ ਅਸਾਮੀਆਂ ਖਤਮ ਕਰਨ ਅਤੇ ਅੱਗੇ ਤੋਂ ਭਰਤੀ ਆਊਟਸੋਰਸਿੰਗ ਦੇ ਆਧਾਰ ‘ਤੇ ਕਰਨ ਦਾ ਫੈਸਲਾ ਕੀਤਾ। ਤਿਆਗ ਕੀਤੀਆਂ ਅਸਾਮੀਆਂ ਵਿੱਚ 15 ਲਾਈਨ ਸੁਪਰਡੈਂਟ, 13 ਸਹਾਇਕ ਇਲੈਕਟ੍ਰੀਕਲ ਇੰਸਪੈਕਟਰ, 3 ਕਲਰਕ, ਸਟੈਨੋ ਟਾਈਪਿਸਟ ਤੇ ਕਾਰਜਕਾਰੀ ਇੰਜੀਨੀਅਰ (2-2 ਹਰੇਕ) ਅਤੇ ਡਰਾਫਟਮੈਨ, ਡਰਾਈਵਰ ਤੇ ਸਵੀਪਰ (1-1 ਹਰੇਕ) ਸਨ।
ਸਾਲਾਨਾ ਪ੍ਰਸ਼ਾਸਕੀ ਰਿਪੋਰਟਾਂ ਨੂੰ ਵੀ ਦਿੱਤੀ ਮਨਜ਼ੂਰੀ
ਇਸੇ ਦੌਰਾਨ ਕੈਬਨਿਟ ਨੇ ਸਹਿਕਾਰਤਾ ਵਿਭਾਗ ਦੀ ਸਾਲ 2018-19, ਕਿਰਤ ਵਿਭਾਗ ਦੀ ਸਾਲ 2017-18, ਸਕੂਲ ਸਿੱਖਿਆ ਦੀ 2018-19 ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਤੇ ਜਲ ਸ੍ਰੋਤ ਦੀ ਸਾਲ 2019-20 ਲਈ ਸਾਲਾਨਾ ਪ੍ਰਸ਼ਾਸਕੀ ਰਿਪੋਰਟਾਂ ਨੂੰ ਮਨਜ਼ੂਰੀ ਦੇ ਦਿੱਤੀ।