ਚੰਡੀਗੜ੍ਹ, 13 ਮਈ 2021 – ਕੋਵਿਡ ਦੀਆਂ ਬੰਦਿਸ਼ਾਂ ਦੇ ਮੱਦੇਨਦ਼ਰ ਉਸਾਰੀਆਂ ਕਾਮਿਆਂ ਦੀ ਰੋਜੀ-ਰੋਟੀ ਨੂੰ ਵੱਜੀ ਸੱਟ ਨਾਲ ਦਰਪੇਸ਼ ਸਮੱਸਿਆਵਾਂ ਨੂੰ ਘਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਿਰਮਾਣ ਅਤੇ ਹੋਰ ਉਸਾਰੀ ਕਾਮੇ (ਬੀ.ਓ.ਸੀ.ਡਬਲਿਊ) ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਾਮਿਆਂ ਨੂੰ ਤਿੰਨ-ਤਿੰਨ ਹਜਾਰ ਰੁਪਏ ਗੁਜਾਰਾ ਭੱਤਾ/ਨਗਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਜੋ ਬੋਰਡ ਦੇ ਚੇਅਰਮੈਨ ਵੀ ਹਨ, ਕਿਹਾ ਕਿ 3000 ਰੁਪਏ ਦਾ ਗੁਜਾਰਾ ਭੱਤਾ 15-1500 ਰੁਪਏ ਦੀਆਂ ਦੋ ਕਿਸ਼ਤਾਂ ਵਿਚ ਅਦਾ ਕੀਤਾ ਜਾਵੇਗਾ ਅਤੇ ਪਹਿਲੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇਗੀ ਜਦਕਿ ਦੂਜੀ ਕਿਸ਼ਤ 15 ਜੂਨ, 2021 ਤੱਕ ਅਦਾ ਕੀਤੀ ਜਾਵੇਗੀ।
ਇਹ ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਬੀਤੇ ਸਾਲ ਵੀ ਸੰਕਟ ਵਿਚ ਡੁੱਬੇ ਉਸਾਰੀਆਂ ਕਾਮਿਆਂ ਲਈ ਇਸੇ ਤਰ੍ਹਾਂ ਦੀ ਇਮਦਾਦ ਦਿੱਤੀ ਸੀ। ਉਸ ਮੌਕੇ ਬੋਰਡ ਨਾਲ ਰਜਿਸਟਰਡ 2.92 ਲੱਖ ਉਸਾਰੀ ਕਾਮਿਆਂ ਨੂੰ 6000 ਰੁਪਏ ਦੇ ਹਿਸਾਬ ਨਾਲ 174.31 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।
ਜਿਕਰਯੋਗ ਹੈ ਕਿ ਬੋਰਡ ਨਾਲ ਸੂਬਾ ਭਰ ਵਿਚ ਲਗਪਗ ਤਿੰਨ ਲੱਖ ਰਜਿਸਟਰਡ ਉਸਾਰੀ ਕਾਮੇ ਹਨ। ਕੋਵਿਡ ਕੇਸਾਂ ਵਿਚ ਹਾਲ ਹੀ ਹੋਏ ਵਾਧੇ ਨਾਲ ਪੈਦਾ ਹੋਈ ਮੌਜੂਦਾ ਸਥਿਤੀ ਉਤੇ ਕਾਬੂ ਪਾਉਣ ਲਈ ਚੁੱਕੇ ਗਏ ਸਖ਼ਤ ਕਦਮਾਂ ਅਤੇ ਸਮੇਂ-ਸਮੇਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ ਦੇ ਮੱਦੇਨਜ਼ਰ ਇਨ੍ਹਾਂ ਉਸਾਰੀ ਕਾਮਿਆਂ ਦੀ ਰੋਜੀ-ਰੋਟੀ ਉਤੇ ਬੁਰਾ ਅਸਰ ਪਿਆ ਸੀ। ਬਹੁਤੇ ਥਾਈਂ ਚੱਲ ਰਹੇ ਨਿਰਮਾਣ ਪ੍ਰਾਜੈਕਟਾਂ ਦਾ ਕੰਮ ਜਾਂ ਤਾਂ ਰੁਕ ਗਿਆ ਹੈ ਜਾਂ ਫੇਰ ਆਰਜੀ ਤੌਰ ਉਤੇ ਕੰਮ ਦੀ ਰਫ਼ਤਾਰ ਘਟ ਗਈ ਹੈ ਜਿਸ ਨਾਲ ਅਜਿਹੇ ਕਾਮਿਆਂ ਦੀ ਆਮਦਨ ਅਤੇ ਰੋਜੀ-ਰੋਟੀ ਅਸਰਅੰਦਾਜ਼ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿੱਤੀ ਸਹਾਇਤਾ ਦੇਣ ਦਾ ਉਦੇਸ਼ ਇਨ੍ਹਾਂ ਔਖੇ ਸਮਿਆਂ ਵਿਚ ਉਸਾਰੀ ਕਾਮਿਆਂ ਨੂੰ ਫੌਰੀ ਰਾਹਤ ਮੁਹੱਈਆ ਕਰਵਾਉਣਾ ਹੈ।