- ਤੇਲ, ਗੈਸ ਤੇ ਹੋਰ ਜਰੂਰੀ ਵਸਤਾਂ ਦੀ ਮਹਿੰਗਾਈ ਖਿਲਾਫ ਕਾਂਗਰਸ ਕਰੇਗੀ ਪ੍ਰਦਰਸ਼ਨ
ਚੰਡੀਗੜ੍ਹ, 25 ਫਰਵਰੀ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ 1 ਮਾਰਚ 2021 ਨੂੰ ਪੰਜਾਬ ਰਾਜ ਭਵਨ ਚੰਡੀਗੜ ਦਾ ਘਰਾਓ ਕੀਤਾ ਜਾਵੇਗਾ। ਇਹ ਜਾਣਕਾਰੀ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ, ਡੀਜਲ ਅਤੇ ਪੈਟਰੋਲ ਸਮੇਤ ਜਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਖਿਲਾਫ ਪਾਰਟੀ ਵੱਲੋਂ ਕੇਂਦਰ ਸਰਕਾਰ ਤੱਕ ਲੋਕਾਂ ਦੀ ਅਵਾਜ ਪੁੱਜਦੀ ਕਰਨ ਲਈ ਇਹ ਰੋਸ਼ ਪ੍ਰਦਰਸ਼ਨ ਉਲੀਕਿਆ ਗਿਆ ਹੈ ਅਤੇ ਪਾਰਟੀ ਅੱਗੇ ਵੀ ਮੋਦੀ ਸਰਕਾਰ ਖਿਲਾਫ ਇਸ ਤਰਾਂ ਦੇ ਰੋਸ਼ ਪ੍ਰਦਰਸ਼ਨ ਕਰਦੀ ਰਹੇਗੀ ਤਾਂ ਕੇਂਦਰ ਸਰਕਾਰ ਨੂੰ ਮਹਿੰਗਾਈ ਨੂੰ ਕਾਬੂ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਸੁਨੀਲ ਜਾਖੜ ਨੇ ਦੱਸਿਆ ਕਿ ਰਸੋਈ ਗੈਸ ਦੀਆਂ ਕੀਮਤਾਂ ਵਿਚ ਮੁੜ 25 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਦ ਕਿ ਪਿੱਛਲੇ ਇਕ ਮਹੀਨੇ ਵਿਚ ਹੀ ਸਿਲੰਡਰ ਦੀ ਕੀਮਤ ਵਿਚ 100 ਰੁਪਏ ਤੋਂ ਜਿਆਦਾ ਦਾ ਵਾਧਾ ਕੀਤਾ ਜਾ ਚੁੱਕਾ ਹੈ ਜਦ ਕਿ ਡੀਜਲ ਪੈਟ੍ਰੋਲ ਦੀਆਂ ਕੀਮਤਾਂ ਲਗਭਗ ਰੋਜਾਨਾਂ ਹੀ ਵੱਧ ਰਹੀਆਂ ਹਨ। ਉਨਾਂ ਨੇ ਕਿਹਾ ਕਿ ਇਹ ਤਦ ਹੋ ਰਿਹਾ ਹੈ ਜਦ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਦੇ ਮੁਕਾਬਲੇ ਦੇਸ਼ ਨੂੰ ਵਿਦੇਸਾਂ ਤੋਂ ਕੱਚਾ ਤੇਲ ਲਗਭਗ ਅੱਧੀ ਕੀਮਤ ਤੇ ਮਿਲ ਰਿਹਾ ਹੈ ਜਦ ਕਿ ਮੋਦੀ ਸਰਕਾਰ ਲੋਕਾਂ ਤੇ ਵਾਧੂ ਬੋਝ ਪਾ ਕੇ ਉਨਾਂ ਨੂੰ ਲੁੱਟ ਰਹੀ ਹੈ ਅਤੇ ਆਮ ਲੋਕਾਂ ਤੋਂ ਇਕੱਠਾ ਕੀਤਾ ਇਹ ਸ਼ਰਮਾਇਆ ਆਪਣੇ ਚਹੇਤੇ ਕਾਰਪੋਰੇਟਾਂ ਨੂੰ ਲੁਟਾਇਆ ਜਾ ਰਿਹਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਪੂਰੀ ਤਰਾਂ ਨਾਲ ਵਿਸਾਰ ਦਿੱਤਾ ਹੈ ਅਤੇ ਇਹ ਸਰਕਾਰ ਸਿਰਫ ਚੁਨਿੰਦਾ ਕਾਰਪੋਰੇਟਾਂ ਦੀ ਸਰਕਾਰ ਬਣ ਕੇ ਕੰਮ ਕਰ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਇਹ ਚਿੱਟਾ ਸੱਚ ਯਾਦ ਰੱਖੇ ਕੇ ਕੋਈ ਵੀ ਸਰਕਾਰ ਲੋਕਾਂ ਨੂੰ ਵਿਸਾਰ ਕੇ ਨਹੀਂ ਚੱਲ ਸਕਦੀ। ਉਨਾਂ ਨੇ ਕਿਹਾ ਕਿ ਇਹੀ ਸੱਚ ਦੱਸਣ ਲਈ ਪਾਰਟੀ ਵੱਲੋਂ 1 ਮਾਰਚ ਦਾ ਰਾਜ ਭਵਨ ਦਾ ਘਿਰਾਓ ਉਲੀਕਿਆ ਗਿਆ ਹੈ ਤਾਂ ਜੋ ਰਾਜਪਾਲ ਨੂੰ ਲੋਕਾਂ ਦੀ ਹਾਲਤ ਦੱਸੀ ਜਾ ਸਕੇ ਅਤੇ ਉਹ ਆਪਣੀ ਰਿਪੋਰਟ ਭਾਰਤ ਸਰਕਾਰ ਨੂੰੂ ਭੇਜ ਸਕਨ। ਉਨਾਂ ਨੇ ਕਿਹਾ ਕਿ ਪਾਰਟੀ ਇਸ ਤੋਂ ਬਾਅਦ ਵੀ ਆਪਣਾ ਸੰਘਰਸ਼ ਜਾਰੀ ਰੱਖੇਗੀ।
ਇਸ ਮੌਕੇ ਪੱਤਰਕਾਰਾਂ ਵੱਲੋਂ ਅਕਾਲੀ ਦਲ ਦੀ ਭੁਮਿਕਾ ਸੰਬਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਦੇ ਪਰਛਾਵੇਂ ਵਜੋਂ ਵਿਚਰ ਰਿਹਾ ਹੈ ਅਤੇ ਉਹ ਮਹਿੰਗਾਈ ਅਤੇ ਕਾਲੇ ਖੇਤੀ ਕਾਨੂੰਨਾਂ ਵਰਗੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਮੋਦੀ ਸਰਕਾਰ ਦੀ ਲੁਕਵੀਂ ਟੀਮ ਵਜੋਂ ਕੰਮ ਕਰ ਰਿਹਾ ਹੈ।