- ਬੈਲਜੀਅਮ ਅਧਾਰਤ ਅੱਤਵਾਦੀ ਅਤੇ ਨਸ਼ਾ ਤਸਕਰ ਜਗਦੀਸ਼ ਭੂਰਾ ਇਸ ਨਸ਼ਿਆਂ ਦੇ ਕਾਰੋਬਾਰ ਵਿੱਚ ਮੁੱਖ ਸਾਜ਼ਿਸ-ਕਰਤਾ
ਅੰਮ੍ਰਿਤਸਰ/ ਚੰਡੀਗੜ, 7 ਅਪ੍ਰੈਲ 2021 – ਅੰਮ੍ਰਿਤਸਰ ਪੁਲਿਸ (ਦਿਹਾਤੀ) ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਨਾਲ ਸਾਂਝੀ ਕਾਰਵਾਈ ਤਹਿਤ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਮੁਠਭੇੜ ਦੌਰਾਨ ਇਕ ਪਾਕਿਸਤਾਨੀ ਨਸ਼ਾ ਤਸਕਰ ਨੂੰ ਢਹਿ-ਢੇਰੀ ਕਰ ਦਿੱਤਾ। ਇਹ ਆਪ੍ਰੇਸ਼ਨ ਪੰਜਾਬ ਪੁਲਿਸ ਵਲੋਂ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਲੋਪੋਕੇ ਪੁਲਿਸ ਥਾਣਾ ਦੇ ਅਧਿਕਾਰ ਖੇਤਰ ਵਿੱਚ ਪੈਂਦੀ ਸਰਹੱਦ ਚੌਕੀ (ਬੀ.ਓ.ਪੀ.) ਕੱਕੜ ਫਾਰਵਰਡ ਖੇਤਰ ਵਿਚ ਚਲਾਇਆ ਗਿਆ।
ਇਹ ਸਾਂਝੀ ਕਾਰਵਾਈ ਉਸ ਥਾਂ ‘ਤੇ ਕੀਤੀ ਗਈ ਜਿੱਥੇ ਸਰਹੱਦ ਪਾਰੋਂ ਤਸਕਰੀ ਅਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜਿਸ ਦੌਰਾਨ 22 ਪੈਕਟ ਹੈਰੋਇਨ ( ਤਕਰੀਬਨ 22.660 ਕਿਲੋ ), ਇਕ ਸਾਈਗਾ – ਐਮ.ਕੇ ਰਾਈਫਲ (2 ਮੈਗਜ਼ੀਨ ਅਤੇ 7.50 ਮਿਲੀਮੀਟਰ ਦੇ 24 ਜਿੰਦਾ ਕਾਰਤੂਸ ), ਇੱਕ ਏ.ਕੇ- 47 ਰਾਈਫਲ (2 ਮੈਗਜੀਨਾਂ ਸਮੇਤ 7.62 ਐਮਐਮ ਦੇ 21 ਜਿੰਦਾ ਕਾਰਤੂਸ), ਪਾਕਿਸਤਾਨੀ ਕਰੰਸੀ, ਇੱਕ ਨੋਕੀਆ ਫੋਨ ਅਤੇ 2 ਪਾਕਿਸਤਾਨੀ ਸਿੰਮ (ਟੈਲੀਨੋਰ ਅਤੇ ਜੈਜ਼) ਅਤੇ 4 ਇੰਚ ਮੋਟਾਈ ਅਤੇ 15 ਫੁੱਟ ਲੰਬਾਈ ਵਾਲਾ ਨੀਲੇ ਰੰਗ ਦਾ ਇੱਕ ਪਾਈਪ (ਪਾਕਿਸਤਾਨ ਵਿਚ ਬਣਿਆ) ਬਰਾਮਦ ਕੀਤਾ।
ਪੁਲਿਸ ਨੇ ਖਾਲਿਸਤਾਨ ਜਿੰਦਾਬਾਦ ਫੋਰਸ (ਕੇ.ਜੇਡ.ਐਫ) ਦੇ ਬੈਲਜੀਅਮ ਅਧਾਰਤ ਅੱਤਵਾਦੀ ਜਗਦੀਸ਼ ਭੂਰਾ ਅਤੇ ਉਸ ਦੇ ਭਾਰਤੀ ਸਾਥੀ ਜਸਪਾਲ ਸਿੰਘ, ਜੋ ਫਿਰੋਜਪੁਰ ਦੇ ਪਿੰਡ ਗੱਟੀ ਰਾਜੋਕੇ ਦਾ ਵਸਨੀਕ ਹੈ, ਖਿਲਾਫ ਮਾਮਲਾ ਦਰਜ ਕੀਤਾ ਹੈ। ਜਸਪਾਲ ਸਿੰਘ ਜੋ ਕਿ ਜਗਦੀਸ਼ ਭੂਰਾ ਨਾਲ ਨੇੜਲੇ ਸੰਪਰਕ ਵਿੱਚ ਸੀ ਅਤੇ ਉਹ ਅੰਮਿ੍ਰਤਸਰ ਖੇਤਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਪਾਰ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਦੀ ਤਸਕਰੀ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ।
ਇਸ ਸਬੰਧ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 23, 27-ਏ, 29, 61, 85, ਆਰਮਜ ਐਕਟ ਦੀ ਧਾਰਾ 25, 27, 54, 59, ਫਾਰਨਰ ਐਕਟ ਦੀ ਧਾਰਾ 14 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 3, 34, 20 ਤਹਿਤ ਲੋਪੋਕੇ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਐਸ.ਐਸ.ਪੀ. (ਦਿਹਾਤੀ) ਧਰੁਵ ਦਹੀਆ ਨੇ ਦੱਸਿਆ ਕਿ ਜਸਪਾਲ ਸਿੰਘ ਦੇ ਪਾਕਿਸਤਾਨ ਆਈ.ਐਸ.ਆਈ. ਨਾਲ ਨੇੜਲੇ ਸੰਬੰਧ ਸਨ ਅਤੇ ਪਿਛਲੇ ਸਮੇਂ ਤੋਂ ਉਹ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਵਿੱਚ ਸ਼ਾਮਲ ਹੈ। ਉਹਨਾਂ ਦੱਸਿਆ ਕਿ ਜਸਪਾਲ ਵਿਰੁੱਧ ਐਫ.ਆਈ.ਆਰ. ਨੰ. 64 ਮਿਤੀ 14.7.2020 ਧਾਰਾ 21, 23, 29, 61, 85 ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਅਮੀਰ ਖਾਸ, ਫਾਜਿਲਕਾ ਵਿਖੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਸਰਹੱਦੀ ਕੋਰੀਅਰਾਂ ਅਤੇ ਜਗਦੀਸ਼ ਭੂਰਾ ਦੇ ਸਹਿਯੋਗੀ ਜੋ ਕਿ ਭਾਰਤ ਅਤੇ ਪਾਕਿਸਤਾਨ ਸਰਹੱਦਾਂ ‘ਤੇ ਸਰਗਰਮ ਹਨ ਅਤੇ ਭਾਰਤੀ ਸਹਿਯੋਗੀਆਂ ਨਾਲ ਵਿਦੇਸ਼ਾਂ ਵਿੱਚ ਕਾਰਜਸ਼ੀਲ ਸਨ, ਦੇ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੱਿਸਆ ਕਿ ਜਸਪਾਲ ਸਿੰਘ ਦੀ ਗਿ੍ਰਫਤਾਰੀ ਨਾਲ ਬਰਾਮਦ ਹੋਈ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਬਾਰੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।