ਗਰੀਬ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲਿਸ, ਕੈਪਟਨ ਨੇ ਹੈਲਪਲਾਈਨ ਨੰਬਰ ਦਾ ਕੀਤਾ ਐਲਾਨ

ਚੰਡੀਗੜ੍ਹ, 13 ਮਈ 2021 – ਪੰਜਾਬ ਵਿਚ ਸ਼ੁੱਕਰਵਾਰ ਤੋਂ ਗਰੀਬ ਅਤੇ ਬੇਸਹਾਰਾ ਕੋਵਿਡ ਮਰੀਜ ਆਪਣੀ ਭੁੱਖ ਮਿਟਾਉਣ ਲਈ ਭੋਜਨ ਲੈਣ ਵਾਸਤੇ ਹੈਲਪਲਾਈਨ ਨੰਬਰ 181 ਅਤੇ 112 ਉਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲੀਸ ਵਿਭਾਗ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਤਿਆਰ ਭੋਜਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।

ਇਸ ਮਾਨਵਤਾਵਾਦੀ ਉਪਰਾਲੇ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ, “ਅਸੀਂ ਪੰਜਾਬ ਵਿਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਵਾਂਗੇ।”

ਅਜਿਹੇ ਮਰੀਜ ਦਿਨ-ਰਾਤ ਕਿਸੇ ਵੀ ਸਮੇਂ ਉਤੇ ਇਨ੍ਹਾਂ ਨੰਬਰਾਂ ਉਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲੀਸ ਵੱਲੋਂ ਕੋਵਿਡ ਰਸੋਈਆਂ ਅਤੇ ਡਲਿਵਰੀ ਦੇਣ ਵਾਲੇ ਲੜਕਿਆਂ ਰਾਹੀਂ ਉਨ੍ਹਾਂ ਦੇ ਘਰ ਤੱਕ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਉਦੇਸ਼ ਲਈ ਵਿਭਾਗ ਅਜਿਹੀਆਂ ਰਸੋਈਆਂ ਅਤੇ ਡਲਿਵਰੀ ਏਜੰਟਾਂ ਨਾਲ ਰਾਬਤਾ ਬਣਾ ਰਿਹਾ ਹੈ। ਉਨ੍ਹਾਂ ਨੇ ਸੂਬੇ ਵਿਚ ਗਰੀਬ ਕੋਵਿਡ ਮਰੀਜਾਂ ਲਈ ਭੋਜਨ ਯਕੀਨੀ ਬਣਾਉਣ ਲਈ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਉਪਰਾਲੇ ਉਤੇ ਮਾਣ ਮਹਿਸੂਸ ਕੀਤਾ।

ਇਹ ਸੁਵਿਧਾ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਕਾਰਜਸ਼ੀਲ ਹੋਵੇਗੀ ਜਿਸ ਨਾਲ ਪੰਜਾਬ ਵਿਚ ਕਿਤੇ ਵੀ ਰਹਿ ਰਹੇ ਕੋਵਿਡ ਮਰੀਜ ਭੋਜਨ ਨਾ ਮਿਲਣ ਦੀ ਸੂਰਤ ਵਿਚ 181 ਅਤੇ 112 ਹੈਲਪਲਾਈਨ ਨੰਬਰਾਂ ਉਤੇ ਦਿਨ-ਰਾਤ ਕਿਸੇ ਵੀ ਵੇਲੇ ਕਾਲ ਕਰ ਸਕਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਦੇ ਹੁਕਮਾਂ ਉਤੇ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਵੀ ਪੰਜਾਬ ਨੇ 112 ਐਮਰਜੈਂਸੀ ਹੈਲਪਲਾਈਨ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਲਈ ਹੈਲਪਲਾਈਨ ਨੰਬਰ ਵਿਚ ਤਬਦੀਲ ਕਰ ਦਿੱਤਾ ਸੀ। ਵਿਭਾਗ ਨੇ ਬੀਤੇ ਸਾਲ ਅਪ੍ਰੈਲ-ਜੂਨ ਮਹੀਨੇ ਦੌਰਾਨ ਗੈਰ-ਸਰਕਾਰੀ ਸੰਸਥਾਵਾਂ, ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੀ ਸਰਗਰਮ ਭਾਈਵਾਲੀ ਨਾਲ ਪੰਜਾਬ ਦੇ ਲੋਕਾਂ ਤੱਕ 12 ਕਰੋੜ ਪੱਕਿਆ ਹੋਇਆ ਅਤੇ ਸੁੱਕਾ ਰਾਸ਼ਨ ਸਫਲਤਾ ਨਾਲ ਪਹੁੰਚਾਇਆ ਸੀ। ਇਸ ਮਾਨਵਤਾਵਾਦੀ ਸੇਵਾ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਪੁਲੀਸ ਦੇ ਬਹੁਤ ਸਾਰੇ ਮੁਲਾਜ਼ਮਾਂ ਨੇ ਆਪਣੀਆਂ ਜੇਬਾਂ ਵਿੱਚੋਂ ਯੋਗਦਾਨ ਪਾਇਆ ਸੀ ਅਤੇ ਪੁਲੀਸ ਲਾਈਨ ਵਿਚ ਕਮਿਊਨਿਟੀ ਕਿਚਨ ਸਥਾਪਤ ਕਰਨ ਦੇ ਨਾਲ-ਨਾਲ ਅਤੇ ਇੱਥੋਂ ਤੱਕ ਇਸ ਉਦੇਸ਼ ਦੀ ਖਾਤਰ ਆਪਣੇ ਘਰਾਂ ਵਿਚ ਵੀ ਭੋਜਨ ਤਿਆਰ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਲੜਕੀ ਦਾ ਗੋਲੀ ਮਾਰ ਕੇ ਕਤਲ

ਸ਼ੁੱਕਰਵਾਰ ਤੋਂ ਲੱਗੇਗੀ 18-44 ਸਾਲਾਂ ਦੇ ਹੈਲਥਕੇਅਰ ਤੇ ਫਿਜ਼ੀਕਲੀ ਅਨਫਿਟ ਨਾਗਰਿਕਾਂ ਦੇ ਵੈਕਸੀਨ ਪੰਜਾਬ ‘ਚ