ਚੰਡੀਗੜ੍ਹ, 14 ਅਪ੍ਰੈਲ 2021 – ਕੇਂਦਰ ਸਰਕਾਰ ਵੱਲੋਂ ਜਾਰੀ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਸਬੰਧੀ ਤੀਜੀ ਵਰੇਗੰਢ ਦੇ ਮੌਕੇ ’ਤੇ ਜਾਰੀ ਵੱਖ-ਵੱਖ ਸੂਬਿਆਂ ਦੀ ਸੂਚੀ ਵਿੱਚ ਪੰਜਾਬ ਨੂੰ ਇਕ ਵਾਰ ਫਿਰ ਸਿਹਤ ਕੇਂਦਰਾਂ ਦੇ ਬਿਹਤਰੀਨ ਸੰਚਾਲਨ ਲਈ ਮੋਹਰੀ ਸੂਬਾ ਐਲਾਨਿਆ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2020-21 ਵਿੱਚ ਦਿੱਤੇ 1435 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਸ਼ੁਰੂ ਕਰਨ ਦੇ ਟੀਚੇ ਤੋਂ ਕਈ ਗੁਣਾ ਵੱਧ 180 ਫੀਸਦ ਟੀਚਾ ਪ੍ਰਾਪਤ ਕੀਤਾ ਹੈ। ਜਿਸ ਤਹਿਤ ਪੂਰੇ ਸੂਬੇ ਵਿੱਚ 2820 ਕੇਂਦਰਾਂ ਵਿਖੇ ਸਿਹਤ ਸੇਵਾਵਾਂ ਮੁਕੰਮਲ ਤੌਰ ’ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਕਰਕੇ ਲਗਾਏ ਗਏ ਲੌਕਡਾਊਨ ਅਤੇ ਪਾਬੰਦੀਆਂ ਦੇ ਬਾਵਜੂਦ ਵੀ ਪੂਰੇ ਸੂਬੇ ਵਿੱਚ ਪਿੱਛਲੇ ਸਾਲ 65.2 ਲੱਖ ਲੋਕਾਂ ਨੇ ਇਨਾਂ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ।
ਪ੍ਰਮੁੱਖ ਸਕੱਤਰ ਸਿਹਤ ਸ਼੍ਰੀ ਹੁਸਨ ਲਾਲ ਨੇ ਕਿਹਾ ਕਿ ਲੋਕਾਂ ਨੂੰ ਬਰੂਹਾਂ ਤੇ ਮਿਲ ਰਹੀਆਂ ਮਿਲ ਰਹੀਆਂ ਓਪੀਡੀ ਸੇਵਾਵਾਂ ਤੋਂ ਇਲਾਵਾ ਇਨਾਂ ਕੇਂਦਰਾਂ ਵਿੱਚ ਹਾਈਪਰਟੈਂਸ਼ਨ ਦੇ ਲਈ 16.8 ਲੱਖ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ। ਇਸੇ ਤਰਾਂ ਹੀ ਸ਼ੂਗਰ ਲਈ 11 ਲੱਖ ਅਤੇ ਮੂੰਹ, ਛਾਤੀ ਤੇ ਬੱਚੇਦਾਣੀ ਦੇ ਕੈਂਸਰ ਲਈ 19.8 ਲੱਖ ਲੋਕਾਂ ਦੀ ਸਕਰੀਨਿੰਗ ਕੀਤੀ ਗਈ। ਉਨਾਂ ਕਿਹਾ ਕਿ ਇਥੇ ਲਗਭਗ 56.3 ਲੱਖ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ 24.4 ਲੱਖ ਮਰੀਜਾਂ ਦੇ ਡਾਇਗਨੋਸਟਿਕ ਟੈਸਟ ਵੀ ਕੀਤੇ ਗਏ।
ਮਿਸ਼ਨ ਡਾਇਰੈਕਟਰ ਐਨਐਚਐਮ ਸ਼੍ਰੀ ਕੁਮਾਰ ਰਾਹੁਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਕਮਿਊਨਿਟੀ ਹੈਲਥ ਅਫਸਰ ਅਤੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੀਆਂ ਟੀਮਾਂ ਦਿਹਾਤੀ ਅਬਾਦੀਆਂ ਨੂੰ ਮਿਆਰੀ ਓਪੀਡੀ ਅਤੇ ਕੋਵਿਡ-19 ਸਬੰਧੀ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਵਰਦਾਨ ਸਾਬਿਤ ਹੋਈਆਂ ਹਨ। ਉਨਾਂ ਅੱਗੇ ਕਿਹਾ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੀਆਂ ਟੀਮਾਂ ਵੱਲੋਂ ਕੋਵਿਡ ਸਬੰਧੀ ਸੈਂਪਲਿੰਗ, ਸੰਪਰਕ ਟਰੇਸਿੰਗ ਅਤੇ ਘਰਾਂ ਵਿੱਚ ਕੋਵਿਡ ਪ੍ਰਭਾਵਿਤ ਇਕਾਂਤਵਾਸ ਕੀਤੇ ਮਰੀਜਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਹੁਣ ਸੂਬੇ ਦੇ ਸਾਰੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਯੋਗ ਲਾਭਪਾਤਰੀਆਂ ਦਾ ਕੋਵਿਡ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ।
ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਡਾ. ਅਰੀਤ ਕੌਰ ਨੇ ਦੱਸਿਆ ਕਿ ਇਹ ਸਿਹਤ ਕੇਂਦਰ, ਪੰਜਾਬ ਸਿਹਤ ਪ੍ਰਣਾਲੀ ਲਈ ਬਹੁਤ ਕਾਰਗਰ ਸਿੱਧ ਹੋ ਰਹੇ ਹਨ ਅਤੇ ਇਨਾਂ ਦੁਆਰਾ ਪੂਰੇ ਸੂਬੇ ਵਿੱਚ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਤੇਜੀ ਨਾਲ ਹਾਸਿਲ ਕੀਤੇ ਇਸ ਟੀਚੇ ਨਾਲ ਸਾਡਾ ਵਿਸ਼ਵਾਸ ਵਧਿਆ ਹੈ ਕਿ ਅਸੀਂ ਵਿਸ਼ੇਸ਼ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਤੌਰ ਤੇ ਅੱਗੇ ਵੀ ਪਹੁੰਚਾਉਂਦੇ ਰਹਾਂਗੇ, ਜਿਸ ਤਰਾਂ ਕਿ ਅਸੀਂ ਇਸ ਅਹਿਮ ਪ੍ਰੋਗਰਾਮ ਲਈ ਰੂਪ ਰੇਖਾ ਤਿਆਰ ਕੀਤੀ ਹੈ।