ਚੰਡੀਗੜ੍ਹ, 28 ਮਈ, 2021: ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂਵਿਚ 50 ਪੈਸੇ ਤੋਂ ਲੈ ਕੇ ਇਕ ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਤੇ ਖਪਤਕਾਰਾਂ ਨੂੰ 682 ਕਰੋੜ ਰੁਪਏ ਦੀ ਰਾਹਤ ਦਿੱਤੀ ਹੈ।
ਕਮਿਸ਼ਨ ਮੁਤਾਬਕ 2 ਕਿਲੋ ਵਾਟ ਤੱਕ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਪਹਿਲੇ 100 ਯੂਨਿਟ ਵਾਸਤੇ ਬਿਜਲੀ ਦਰਾਂ ਇਕ ਰੁਪਏ ਅਤੇ 101 ਤੋਂ ਲੈ ਕੇ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਗਈ ਹੈ। ਇਸੇ ਤਰੀਕੇ 2 ਕਿਲੋ ਤੋਂ ਲੈ ਕੇ 7 ਕਿਲੋ ਵਾਟ ਖਪਤਕਾਰਾਂ ਲਈ ਪਹਿਲੇ 100 ਯੂਨਿਟ ਲਈ 75 ਪੈਸੇ ਤੇ ਫਿਰ 101 ਤੋਂ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਗਈ ਹੈ।
ਇਸੇ ਤਰੀਕੇ ਛੋਟੇ ਤੇ ਦਰਮਿਆਨੇ ਉਦਯੋਗਿਕ ਖਪਤਕਾਰਾਂ ਤੇ ਗੈਰ ਘਰੇਲੂ ਖਪਤਕਾਰਾਂ ਯਾਨੀ ਐਨ ਆਰਐਸ ਖਪਤਕਾਰਾਂ ਲਈ ਵੀ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਕਮਿਸ਼ਨ ਨੇ ਖੇਤੀਬਾੜੀ ਲਈ ਬਿਜਲੀ ਦਰਾਂ ਵਿਚ 9 ਪੈਸੇ ਦਾ ਵਾਧਾ ਕੀਤਾ ਹੈ। ਇਸ ਨਾਲ ਨਾਲ ਇਸ ਖੇਤਰ ਲਈ ਕਰਾਸ ਸਬਸਿਡੀ 14.41 ਤੋਂ ਘੱਟ ਕੇ 12.05 ਫੀਸਦੀ ਰਹਿ ਜਾਵੇਗੀ।
ਵੱਡੇ ਉਦਯੋਗਿਕ ਘਰਾਣਿਆਂ ਲਈ ਬਿਜਲੀ ਦਰਾਂ ਵਿਚ ਵਾਧਾ 2 ਫੀਸਦੀ ਤੋਂ ਵੀ ਘੱਟ ਰੱਖਿਆ ਗਿਆ ਹੈ। ਨਵੀਂਆਂ ਬਿਜਲੀ ਦਰਾਂ 1 ਜੂਨ 2021 ਤੋਂ 31 ਮਾਰਚ 2022 ਤੱਕ ਲਾਗੂ ਰਹਿਣਗੀਆਂ।