ਚੰਡੀਗੜ੍ਹ, 16 ਦਸੰਬਰ 2020 – ਬੀਤੇ ਕੁੱਝ ਦਿਨਾਂ ਤੋਂ ਪੰਜਾਬ ‘ਚ ਸੀਤ ਲਹਿਰ ਨੇ ਜੋਰ ਫੜ੍ਹਿਆ ਹੈ, ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਦਸੰਬਰ ਮਹੀਨੇ ਦੀ ਸ਼ੁਰੂਆਤ ਨਾਲ ਹੀ ਠੰਡ ਦੀ ਆਮਦ ਹੋ ਗਈ ਹੈ, ਜਿਸ ਕਾਰਨ ਲੋਕਾਂ ਦਾ ਰਹਿਣ ਸਹਿਣ ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ।
ਸੂਬੇ ‘ਚ ਪਿਛਲੇ ਕੁੱਝ ਦਿਨਾਂ ਤੋਂ ਹੀ ਸਵੇਰ ਵੇਲੇ ਤੋਂ ਹੀ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ ਜਿਸ ਕਾਰਨ ਠੰਡ ‘ਚ ਭਾਰੀ ਵਾਧਾ ਹੋਇਆ ਹੈ। ਜਿਸ ਨਾਲ ਲੋਕਾਂ ਦਾ ਘਰੋਂ ਨਿਕਲਣਾ ਤੱਕ ਵੀ ਦੁੱਭਰ ਬਣਿਆ ਰਿਹਾ। ਅਜਿਹਾ ਮੰਜ਼ਰ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਲੋਕ ਘੱਟ ਤੋਂ ਘੱਟ ਘਰੋਂ ਬਾਹਰ ਨਿਕਲਣ ਲੱਗੇ ਹਨ, ਜਦੋਂਕਿ ਬਜ਼ਾਰਾਂ ਵਿੱਚ ਗਰਮ ਕੱਪੜਿਆਂ ਤੇ ਗਰਮ ਖ਼ਾਣ ਵਾਲੀਆਂ ਚੀਜ਼ਾਂ ਦੀ ਵਿਕਰੀ ਵੀ ਵੱਧ ਗਈ ਹੈ।
ਦੂਜੇ ਪਾਸੇ ਬੱਚਿਆਂ ਤੇ ਬਜੁਰਗਾਂ ਨੂੰ ਇਸ ਠੰਡ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਫ਼ਿਲਹਾਲ ਠੰਡ ਪੂਰੇ ਜ਼ੋਬਨ ’ਤੇ ਹੈ ਤੇ ਲੋਕ ਠੰਡ ਤੋਂ ਬਚਣ ਲਈ ਅੱਗ ਦੇ ਨਾਲ-ਨਾਲ ਰੁਮ ਹੀਟਰ ਵਰਗੇ ਸਾਧਨਾਂ ਤੋਂ ਇਲਾਵਾ ਤਨ ਢੱਕਣ ਲਈ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ।
ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ‘ਚ ਵੀ ਧੁੰਦ ਵੀ ਵਧੀ ਹੈ। ਬਹੁਤ ਸਾਰੇ ਇਲਾਕਿਆਂ ‘ਚ ਸੰਘਣੀ ਧੁੰਦ ਪੈ ਰਹੀ ਹੈ, ਜਿਸ ਨਾਲ ਵਿਜ਼ੀਬਿਲਟੀ ‘ਚ ਕਾਫ਼ੀ ਕਮੀ ਆਈ ਹੈ। ਬਾਜ਼ਾਰਾਂ ‘ਚ ਸ਼ਾਮ 6 ਵਜੇ ਤੋਂ ਪਹਿਲਾਂ ਅਤੇ ਬਾਅਦ ‘ਚ ਚੁੱਪ ਪਸਰ ਜਾਂਦੀ ਹੈ।