ਜਾਅਲੀ ਕਾਲ ਸੈਂਟਰ ਚਲਾਉਣ ਦੇ ਦੋਸ਼ ਵਿੱਚ 10 ਗ੍ਰਿਫ਼ਤਾਰ: ਵਿਦੇਸ਼ੀ ਨਾਗਰਿਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ

ਮੋਹਾਲੀ, 24 ਜੂਨ 2025 – ਪੰਜਾਬ ਪੁਲਸ ਦੀ ਰੇਂਜ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਵੱਡੀ ਕਾਰਵਾਈ ਕਰਦਿਆਂ ਸ਼ਹਿਰ ’ਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਦੌਰਾਨ 3 ਔਰਤਾਂ ਸਮੇਤ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਠੱਗ ਲੋਕਾਂ ਨੂੰ ਏਅਰ ਟਿਕਟ ਅਤੇ ਬਿਟਕੁਆਇਨ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਸਨ, ਜਿਸ ਦਾ ਪਤਾ ਲੱਗਣ ‘ਤੇ ਪੁਲਸ ਵੀ ਹੈਰਾਨ ਰਹਿ ਗਈ। ਮੁਲਜ਼ਮਾਂ ਦੀ ਪਛਾਣ ਫਰਜ਼ੀ ਕਾਲ ਸੈਂਟਰ ਮਾਲਕ ਮਨਮੀਤ ਸਿੰਘ ਬਨਵੈਤ ਵਾਸੀ ਸੈਕਟਰ-53 ਮੋਹਾਲੀ, ਸਟਾਫ਼ ਮੈਂਬਰ ਅਨਮੋਲ ਮਲਹੋਤਰਾ ਵਾਸੀ ਸ਼ਿਵਜੋਤ (ਖਰੜ), ਜਸਨੀਤ ਕੌਰ ਵਾਸੀ ਖਰੜ ਤੇ ਨਰਮਿਤਾ ਵਾਸੀ ਸੈਕਟਰ-117 ਮੋਹਾਲੀ, ਗੁਰਪ੍ਰੀਤ ਸਿੰਘ ਵਾਸੀ ਐੱਚ. ਈ-164, ਫੇਜ਼-1, ਵਗਸੈਮ ਹੁਨਗਿਓ ਉਰਫ਼ ਸੈਮ ਵਾਸੀ ਕੇਵੀਜਾਓ ਕਾਲੋਨੀ, ਦਿਮਾਪੁਰ ਨਾਗਾਲੈਂਡ ਹਾਲ ਵਾਸੀ ਬਲੌਂਗੀ, ਦੂਜੇ ਕਾਲ ਸੈਂਟਰ ਦੇ ਮੈਨੇਜਰ ਮੋਰਿਆ ਨਾਥ ਵਾਸੀ ਸੈਕਟਰ-23 ਜ਼ਿਲ੍ਹਾ ਕੋਰਟ ਕੰਪਲੈਕਸ ਦਿੱਲੀ ਹਾਲ ਵਾਸੀ ਏਰੋਸਿਟੀ ਮੋਹਾਲੀ, ਇਸ਼ਵ ਕੁਮਾਰ (25) ਹਾਲ ਵਾਸੀ ਸਵਰਾਜ ਇੰਨਕਲੇਵ ਸੰਤੇਮਾਜਰਾ (ਖਰੜ), ਰਿਨਚੈਨ ਵਿਨੈਇਲ (24) ਵਾਸੀ ਥਿਮਫਓ ਭੂਟਾਨ ਹਾਲ ਵਾਸੀ ਖਰੜ, ਡੋਲੀ ਕੁਮਾਰੀ (25) ਵਾਸੀ ਛੋਟਾ ਗੋਮਡਪੁਰ, ਜਸ਼ੇਦਪੁਰ ਹਾਲ ਵਾਸੀ ਸ਼ਿਵਾਲਿਕ ਸਿਟੀ ਖਰੜ ਵਜੋਂ ਹੋਈ।

ਇਸ ਸਬੰਧੀ ਡੀ. ਐੱਸ. ਪੀ. ਸਾਈਬਰ ਕ੍ਰਾਈਮ ਰੁਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਸ਼ਹਿਰ ਦੇ ਮਨਚੰਦਾ ਟਾਵਰ ਫੇਜ਼-7 ’ਚ ਚੱਲ ਰਹੇ ਫਰਜ਼ੀ ਕਾਲ ਸੈਂਟਰ ਦੀ ਜਾਣਕਾਰੀ ਪੁਲਸ ਨੂੰ ਗੁਪਤ ਸੂਚਨਾ ਰਾਹੀਂ ਮਿਲੀ ਸੀ। ਸੂਚਨਾ ਦੇ ਆਧਾਰ ’ਤੇ ਐਂਟੀ-ਨਾਰਕੋਟਿਕਸ ਅਤੇ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਇੰਸਪੈਕਟਰ ਦਰਬਾਰਾ ਸਿੰਘ ਦੀ ਅਗਵਾਈ ਹੇਠ ਇਲਾਕੇ ’ਚ ਛਾਪੇਮਾਰੀ ਲਈ ਪਹੁੰਚੀ। ਪੁਲਸ ਨੇ ਮਨਚੰਦਾ ਟਾਵਰ ’ਤੇ ਛਾਪਾ ਮਾਰ ਕੇ ਪਹਿਲੀ ਅਤੇ ਤੀਜੀ ਮੰਜ਼ਿਲ ’ਤੇ 2 ਫਰਜ਼ੀ ਕਾਲ ਸੈਂਟਰ ਫੜ੍ਹੇ। ਸੈਂਟਰਾਂ ’ਚ ਵਿਦੇਸ਼ੀ ਲੋਕਾਂ ਨਾਲ ਠੱਗੀ ਕੀਤੀ ਜਾਂਦੀ ਸੀ। ਪਹਿਲੀ ਮੰਜ਼ਿਲ ’ਤੇ ਫਰਜ਼ੀ ਕਾਲ ਸੈਂਟਰ ਮਾਲਕ ਮਨਮੀਤ ਸਿੰਘ ਅਤੇ 5 ਸਟਾਫ਼ ਮੈਂਬਰਾਂ ਨੂੰ ਕਾਬੂ ਕਰ ਕੇ 5 ਲੈਪਟਾਪ, 5 ਹੈੱਡਫੋਨ, 9 ਮੋਬਾਇਲ ਅਤੇ ਦਫ਼ਤਰੀ ਕੰਮਕਾਰ ਲਈ ਵਰਤੀਆਂ ਜਾ ਰਹੀਆਂ ਲਗਜ਼ਰੀ ਗੱਡੀਆ ਫਾਰਚੂਨਰ, ਜੈਜ਼ ਤੇ ਵਰਨਾ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਲੋਂ ਫਰਜ਼ੀ ਕਾਲ ਸੈਂਟਰ ਚਲਾ ਕੇ ਪੇ-ਪਾਲ ਵੱਲੋਂ ਈ-ਮੇਲ ਬਲਾਸਟਿੰਗ ਰਾਹੀਂ ਵਿਦੇਸ਼ੀ ਲੋਕਾਂ ਨੂੰ ਬਿਟਕੁਆਇਨ ਖ਼ਰੀਦਣ ਅਤੇ ਐਮਾਜ਼ੋਨ ਕਾਰਡ ਖ਼ਰੀਦਣ ਸਬੰਧੀ ਈ-ਮੇਲ ਭੇਜੇ ਜਾਂਦੇ ਸਨ। ਮੁਲਜ਼ਮ ਵਿਦੇਸ਼ੀ ਲੋਕਾਂ ਨੂੰ ਉਨ੍ਹਾਂ ਦਾ ਪੇ-ਪਾਲ ਅਕਾਊਂਟ ਹੈਕ ਹੋਣ ਜਾਂ ਫਿਰ ਕਿਸੇ ਵਿਅਕਤੀ ਵੱਲੋਂ ਨਾਜਾਇਜ਼ ਗਤਿਵਿਧਿਆਂ ’ਚ ਵਰਤੇ ਜਾਣ ‘ਤੇ ਵੱਖ-ਵੱਖ ਲੋਕੇਸ਼ਨਾਂ ’ਤੇ ਆਨਲਾਈਨ ਬਿਟਕੁਆਇਨ ਖਰੀਦਣ ਬਾਰੇ ਜਾਣਕਾਰੀ ਦਿੰਦੇ ਸਨ। ਫਿਰ ਕਾਲਰ ਵੱਲੋਂ ਕਾਲ ’ਤੇ ਇਹ ਦੱਸ ਕੇ ਉਨ੍ਹਾਂ ਦੀ ਕਾਲ ਬੈਂਕ ਨੂੰ ਟਰਾਂਸਫਰ ਕੀਤੀ ਜਾ ਰਹੀ ਹੈ, ਉਸੇ ਦਫ਼ਤਰ ’ਚ ਬੈਠੈ ਮੁਲਜ਼ਮ ਨੂੰ ਦੇ ਦਿੱਤੀ ਜਾਂਦੀ ਸੀ। ਉਹ ਰਿਫੰਡ ਦੀ ਗੱਲ ਕਹਿ ਕੇ ਵਿਦੇਸ਼ੀ ਲੋਕਾਂ ਕੋਲੋਂ ਐਪਲ ਦਾ ਗਿਫਟ ਕਾਰਡ ਮੰਗਵਾ ਕੇ ਉਸ ’ਚੋਂ ਪੈਸੇ ਕੱਢਵਾ ਲੈਂਦੇ ਸਨ। ਇਸ ਨੂੰ ਮੁਲਜ਼ਮ ਯੂ. ਐੱਸ. ਡੀ. ਟੀ. ਤੇ ਹਵਾਲਾ ਰਾਹੀਂ ਆਪਣੇ ਕੋਲ ਟਰਾਂਸਫਰ ਕਰਕੇ ਭਾਰਤ ’ਚ ਕੈਸ਼ ਕਰਵਾ ਲੈਂਦੇ ਸਨ। ਇਸ ਤਰੀਕੇ ਨਾਲ ਮਿਲੀ ਭੁਗਤ ਕਰਕੇ ਵਿਦੇਸ਼ੀ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਸੀ।

ਇਮਾਰਤ ਦੀ ਤੀਜ਼ੀ ਮੰਜ਼ਲ ’ਤੇ ਚੱਲ ਰਹੇ ਦੂਜੇ ਫਰਜ਼ੀ ਕਾਲ ਸੈਂਟਰ ’ਚ ਵਿਦੇਸ਼ੀ ਭੋਲੇ-ਭਾਲੇ ਲੋਕਾਂ ਨਾਲ ਕੰਪਿਊਟਰ ’ਤੇ ਲੌਗਇਨ ਕਰ ਕੇ ਠੱਗੀ ਮਾਰਦੇ ਸੀ। ਮੁਲਜ਼ਮਾਂ ਕੋਲੋਂ 4 ਸੀ.ਪੀ.ਯੂ, 4 ਹੈੱਡਫੋਨ ਤੇ ਮੈਨੇਜਰ ਦੇ 5 ਮੋਬਾਇਲ ਫੋਨ ਬਰਾਮਦ ਹੋਏ ਹਨ। ਡੀ. ਐੱਸ. ਪੀ. ਸੋਹੀ ਨੇ ਦੱਸਿਆ ਕਿ ਤੀਜੀ ਮੰਜ਼ਿਲ ’ਤੇ ਟ੍ਰੈਵਲ ਕੰਪਨੀ ਦੇ ਨਾਂ ’ਤੇ ਫਰਜ਼ੀ ਕਾਲ ਸੈਂਟਰ ਚਲਾ ਕੇ ਮੁਲਜ਼ਮਾਂ ਵਲੋਂ ਵੈੱਬਸਾਈਟ ਟਰੀਲਪਰੋਅ.ਕਾਮ ਰਾਹੀ ਐਡ ਚਲਾ ਕੇ ਵਿਦੇਸ਼ੀ ਲੋਕਾਂ ਨੂੰ ਸਸਤੇ ਭਾਅ ’ਤੇ ਟਿਕਟਾਂ ਦੇ ਰੇਟ ਦਿੱਤੇ ਜਾਂਦੇ ਸਨ ਤੇ ਫਿਰ ਮੁਲਜ਼ਮ ਕਾਲ ਕਰਕੇ ਵਿਦੇਸ਼ੀ ਲੋਕਾ ਤੋਂ ਉਨ੍ਹਾਂ ਦੇ ਕ੍ਰੈਡਿਟ-ਡੈਬਿਟ ਕਾਰਡਾਂ ਦੀ ਡਿਟੇਲ ਹਾਸਲ ਕਰ ਕੇ ਉਨ੍ਹਾਂ ਨੂੰ ਟਿਕਟ ਬੁਕਿੰਗ ਦੇ ਨਾਮ ’ਤੇ ਵੱਖ-ਵੱਖ ਵੈਂਡਰਾਂ ਰਾਹੀਂ ਨਾਜਾਇਜ਼ ਢੰਗ ਨਾਲ ਰਜਿਸਟਰਡ ਕੀਤੇ ਪੇਮੈਂਟ ਗੇਟਵੇਅ ’ਤੇ ਚਾਰਜ ਕਰ ਲਿਆ ਜਾਂਦਾ ਸੀ। ਇਸ ਸਬੰਧੀ ਗਾਹਕ ਤੋਂ ਈ-ਮੇਲ ਰਾਹੀਂ ਟ੍ਰਾਂਸਜੈਕਸ਼ਨ ਅਪਰੂਵ ਕਰਵਾ ਲਈ ਜਾਂਦੀ ਸੀ, ਜੋ ਪੈਮੇਂਟ ਗੇਟਵੇਅ ਵਾਲੇ ਕਮਿਸ਼ਨ ਕੱਟ ਕੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਖ਼ਾਤੇ ਤੇ ਕੈਸ਼ ’ਚ ਭਾਰਤ ਵਿਚ ਪੈਸੇ ਦੇ ਦਿੰਦੇ ਸਨ। ਇਸ ਸਬੰਧੀ ਟਿਕਟ ਨਾ ਦੇ ਕੇ ਮੁਲਜ਼ਮਾਂ ਵੱਲੋਂ ਮੋਟੀ ਰਕਮ ਦੀ ਵਿਦੇਸ਼ੀ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ 5 IPS ਅਫਸਰਾਂ ਨੂੰ ਤਰੱਕੀਆਂ ਦਿੱਤੀਆਂ

ਪੰਜਾਬ ਕੈਬਨਿਟ ‘ਚ ਫੇਰਬਦਲ ਦੀਆਂ ਚਰਚਾਵਾਂ !, ਅੱਜ ਰਾਜਪਾਲ ਨੂੰ ਮਿਲਣਗੇ CM ਮਾਨ