ਜਗਰਾਉਂ। 2 ਅਗਸਤ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੁਰਖੀਆਂ ‘ਚ ਆਏ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਪੰਜਾਬ ਭਰ ‘ਚੋਂ ਫਿਰੌਤੀ ਮੰਗਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਜਗਰਾਉਂ ਦੇ ਸ਼ੈਲਰ ਮਾਲਕ ਦੇ ਫੋਨ ‘ਤੇ ਵਟਸਐਪ ਕਾਲ ਕਰਕੇ ਉਸ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪਰਿਵਾਰ ਨੂੰ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਗੁਰਕ੍ਰਿਪਾਲ ਸਿੰਘ ਢਿੱਲੋਂ ਵਾਸੀ ਰਾਇਲਵਾਲਾ ਲੁਧਿਆਣਾ ਰੋਡ ਜਗਰਾਉਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਸੀ। ਉਸ ਸਮੇਂ ਕਿਸੇ ਨੇ ਉਸ ਦੇ ਮੋਬਾਈਲ ‘ਤੇ ਵਟਸਐਪ ‘ਤੇ ਕਾਲ ਕੀਤੀ ਅਤੇ ਫਿਰੌਤੀ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ‘ਮੈਂ ਗੋਲਡੀ ਬਰਾੜ ਦਾ ਆਦਮੀ ਬੋਲ ਰਿਹਾ ਹਾਂ, ਮੈਂ ਤੁਹਾਨੂੰ ਬੈਂਕ ਖਾਤਾ ਨੰਬਰ ਦੇਵਾਂਗਾ, ਉਸ ਵਿਚ 10 ਲੱਖ ਰੁਪਏ ਪਾ ਦਿਓ, ਨਹੀਂ ਤਾਂ ਤੁਹਾਡੇ ਨਾਲ ਅਤੇ ਤੁਹਾਡੇ ਪਰਿਵਾਰ ਨਾਲ ਸਿੱਧੂ ਮੂਸੇਵਾਲਾ ਵਰਗਾ ਸਲੂਕ ਕੀਤਾ ਜਾਵੇਗਾ।’
ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਲ ਸੁਣ ਕੇ ਉਸ ਨੇ ਘਬਰਾ ਕੇ ਉਸਦਾ ਫ਼ੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੈਨੂੰ ਕਈ ਵਾਰ ਵਟਸਐਪ ‘ਤੇ ਕਾਲ ਕੀਤੀ। ਫੋਨ ਨਾ ਚੁੱਕਣ ‘ਤੇ ਮੁਲਜ਼ਮ ਨੇ ਮੈਸੇਜ ਵੀ ਛੱਡ ਦਿੱਤਾ। ਗੁਰਕ੍ਰਿਪਾਲ ਸਿੰਘ ਢਿੱਲੋਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

