ਚੰਡੀਗੜ੍ਹ, 13 ਮਾਰਚ 2024 – ਏਲਾਂਟੇ ਮਾਲ ਦੀ ਬੇਸਮੈਂਟ ਵਿੱਚ ਦੋ ਨੌਜਵਾਨ ਕੈਸ਼ ਕਲੈਕਸ਼ਨ ਏਜੰਟ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਕੇ 11.14 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਮਾਮਲਾ ਸੋਮਵਾਰ ਦਾ ਹੈ। ਇਹ ਘਟਨਾ ਮਾਲ ਦੇ ਬੇਸਮੈਂਟ ਵਿੱਚ ਲਿਫਟ ਦੇ ਅੰਦਰ ਉਸ ਸਮੇਂ ਵਾਪਰੀ ਜਦੋਂ ਏਜੰਟ ਮਾਲ ਦੇ ਵੱਖ-ਵੱਖ ਸ਼ੋਅਰੂਮਾਂ ਤੋਂ ਪੈਸੇ ਇਕੱਠੇ ਕਰਕੇ ਆਪਣੀ ਕਾਰ ‘ਚ ਕੋਲ ਜਾ ਰਿਹਾ ਸੀ। ਲੁੱਟ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਲੜਕੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਰੁਪਿੰਦਰ ਵਾਸੀ ਮੁਹਾਲੀ, ਰਾਹੁਲ ਵਾਸੀ ਕਜਹੇੜੀ ਅਤੇ ਜਸਲੀਨ ਵਾਸੀ ਸੈਕਟਰ-36 ਵਜੋਂ ਹੋਈ ਹੈ। ਪੁਲਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ 5 ਲੱਖ 33 ਹਜ਼ਾਰ 200 ਰੁਪਏ ਨਕਦ, ਏਜੰਟ ਦਾ ਪਰਸ ਅਤੇ ਵਾਰਦਾਤ ‘ਚ ਸ਼ਾਮਲ ਵਾਹਨ ਬਰਾਮਦ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਜਸਲੀਨ ਇਸ ਲੁੱਟ ਦੀ ਮਾਸਟਰਮਾਈਂਡ ਸੀ। ਕੁਝ ਸਮਾਂ ਪਹਿਲਾਂ ਤੱਕ ਉਹ ਮਾਲ ਵਿੱਚ ਹੀ ਇੱਕ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਉਸ ਨੂੰ ਪਤਾ ਸੀ ਕਿ ਕੰਪਨੀ ਦੀ ਨਕਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਇਕੱਠੀ ਕੀਤੀ ਗਈ ਸੀ। ਅਜਿਹੇ ‘ਚ ਉਸ ਨੇ ਰੁਪਿੰਦਰ ਅਤੇ ਰਾਹੁਲ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨੀਮਾਜਰਾ ਵਾਸੀ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ਸਥਿਤ ਇੱਕ ਕੰਪਨੀ ਵਿੱਚ ਕੈਸ਼ ਕਲੈਕਸ਼ਨ ਦਾ ਕੰਮ ਕਰਦਾ ਹੈ। ਸੋਮਵਾਰ ਨੂੰ ਉਹ ਕੈਸ਼ ਕਲੈਕਸ਼ਨ ਲਈ ਆਪਣੀ ਟੀਮ ਨਾਲ ਏਲਾਂਟੇ ਮਾਲ ਗਿਆ ਸੀ। ਉਥੇ ਵੱਖ-ਵੱਖ ਦੁਕਾਨਾਂ ਤੋਂ ਨਕਦੀ ਇਕੱਠੀ ਕਰਨ ਤੋਂ ਬਾਅਦ ਉਹ ਲਿਫਟ ‘ਚ ਬੇਸਮੈਂਟ ‘ਚ ਜਾ ਰਿਹਾ ਸੀ, ਕਿਉਂਕਿ ਉਸਦੀ ਕਾਰ ਬੇਸਮੈਂਟ ਦੀ ਪਾਰਕਿੰਗ ਵਿੱਚ ਖੜੀ ਸੀ।
ਜਦੋਂ ਉਹ ਬੇਸਮੈਂਟ ਵਿਚ ਪਹੁੰਚਿਆ ਤਾਂ ਲਿਫਟ ਵਿਚ ਉਸ ਦੇ ਨਾਲ ਮੌਜੂਦ ਇਕ ਨੌਜਵਾਨ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਦਾ ਪਾਊਡਰ ਪਾ ਦਿੱਤਾ। ਉਸੇ ਸਮੇਂ ਲਿਫਟ ਦੇ ਬਾਹਰ ਖੜ੍ਹੇ ਇਕ ਹੋਰ ਨੌਜਵਾਨ ਨੇ ਉਸ ਦੇ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਉਸ ਵਿੱਚ ਦੋ ਬੈਗ ਸਨ। ਇੱਕ ਬੈਗ ਵਿੱਚ 5 ਲੱਖ 80 ਹਜ਼ਾਰ 200 ਰੁਪਏ ਅਤੇ ਦੂਜੇ ਬੈਗ ਵਿੱਚ 5 ਲੱਖ 34 ਹਜ਼ਾਰ 200 ਰੁਪਏ ਰੱਖੇ ਹੋਏ ਸਨ। ਬੈਗ ਖੋਹਣ ਤੋਂ ਬਾਅਦ ਦੋਵੇਂ ਨੌਜਵਾਨ ਕਾਰ ਵਿੱਚ ਫਰਾਰ ਹੋ ਗਏ।
ਸ਼ਿਕਾਇਤ ਮਿਲਣ ‘ਤੇ ਇੰਡਸਟਰੀਅਲ ਏਰੀਆ ਥਾਣੇ ਦੇ ਐੱਸਐੱਚਓ ਜਸਪਾਲ ਸਿੰਘ ਭੁੱਲਰ ਦੀ ਅਗਵਾਈ ‘ਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਲੁਟੇਰਿਆਂ ਦੀ ਕਾਰ ਵਿੱਚ ਇੱਕ ਲੜਕੀ ਵੀ ਮੌਜੂਦ ਸੀ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮਾਂ ਕੋਲੋਂ 5 ਲੱਖ 33 ਹਜ਼ਾਰ 200 ਰੁਪਏ, ਇੱਕ ਪਰਸ ਅਤੇ ਵਾਰਦਾਤ ਵਿੱਚ ਸ਼ਾਮਲ ਵਾਹਨ ਬਰਾਮਦ ਕੀਤਾ ਹੈ।