ਚੰਡੀਗੜ੍ਹ, 3 ਸਤੰਬਰ 2025 – ਪੰਜਾਬ ਵਿੱਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸੂਬੇ ਦੇ 23 ਵਿੱਚੋਂ 12 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਜਿਸ ਕਾਰਨ 1000 ਤੋਂ 1500 ਤੋਂ ਵੱਧ ਪਿੰਡ ਇਸ ਦੀ ਲਪੇਟ ਵਿੱਚ ਹਨ। ਹੁਣ ਤੱਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਲਗਭਗ 15 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।
ਪਰ ਇਸ ਦੇ ਨਾਲ ਹੀ ਸੂਬੇ ‘ਚ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ ਇਸ ਸਮੇਂ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਕਈ ਥਾਵਾਂ ‘ਤੇ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਲਈ ਮੌਸਮ ਵਿਭਾਗ ਨੇ ਅੱਜ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਲਗਭਗ 1400 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ।
ਅੰਮ੍ਰਿਤਸਰ ਵਿੱਚ ਗੁਰਦਾਸਪੁਰ ਦੇ 324 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।ਅੰਮ੍ਰਿਤਸਰ ਵਿੱਚ 135 ਪਿੰਡ, ਬਰਨਾਲਾ ਵਿੱਚ 134 ਅਤੇ ਹੁਸ਼ਿਆਰਪੁਰ ਵਿੱਚ 119 ਪਿੰਡ ਪ੍ਰਭਾਵਿਤ ਹੋਏ ਹਨ। 30 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 3 ਲੋਕ ਅਜੇ ਵੀ ਲਾਪਤਾ ਹਨ।

ਹਰੀਕੇ ਪੱਤਣ ਹੈੱਡ ਵਰਕਸ ਤੋਂ 3 ਲੱਖ 5 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ, ਪ੍ਰਸ਼ਾਸਨ ਨੇ ਤਰਨਤਾਰਨ ਨੂੰ ਹਾਈ ਹੜ੍ਹ ਖੇਤਰ ਐਲਾਨ ਦਿੱਤਾ ਹੈ। ਇਹ ਪਾਣੀ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਪ੍ਰਭਾਵਿਤ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਲਈ ਸੰਗਰੂਰ ਦਾ ਦੌਰਾ ਕਰਨਗੇ।
ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ, ਪਰ ਫਿਰ ਵੀ ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਹੇਠਾਂ ਹੈ। ਇਸ ਵੇਲੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677.84 ਫੁੱਟ ਹੈ। ਡੈਮ ਦੇ ਚਾਰੇ ਫਲੱਡ ਗੇਟ 7-7 ਫੁੱਟ ਖੋਲ੍ਹ ਦਿੱਤੇ ਗਏ ਹਨ। ਪਾਣੀ ਦੀ ਆਮਦ 86822 ਕਿਊਸਿਕ ਹੈ, ਜਦੋਂ ਕਿ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ 65042 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਵਿੱਚ ਨੰਗਲ ਹਾਈਡਲ ਨਹਿਰ ਵਿੱਚ 9000 ਕਿਊਸਿਕ, ਆਨੰਦਪੁਰ ਹਾਈਡਲ ਨਹਿਰ ਵਿੱਚ 8000 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 48000 ਕਿਊਸਿਕ ਪਾਣੀ ਵਗ ਰਿਹਾ ਹੈ।
