- 2020 ‘ਚ STF ਨੇ ਨਸ਼ਾ ਤਸਕਰੀ ‘ਚ ਫੜਿਆ ਸੀ
- ਹਰੇਕ ਦੋਸ਼ੀ ਨੂੰ 1.5 ਲੱਖ ਰੁਪਏ ਦਾ ਜੁਰਮਾਨਾ, 2 ਮੁਲਜ਼ਮ ਅਜੇ ਵੀ ਫਰਾਰ
ਲੁਧਿਆਣਾ, 4 ਫਰਵਰੀ 2024 – ਲੁਧਿਆਣਾ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਔਰਤ, ਉਸ ਦੇ ਪਤੀ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਅਦਾਲਤ ਨੇ 12-12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਰੇਕ ਦੋਸ਼ੀ ‘ਤੇ 1.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਫਿਲਹਾਲ ਮਾਮਲੇ ਦੀਆਂ ਦੋ ਹੋਰ ਮਹਿਲਾ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਉਨ੍ਹਾਂ ‘ਚ ਰਾਜਕੁਮਾਰ ਉਰਫ ਰਾਜੂ, ਅਰੁਣ ਕੁਮਾਰ ਉਰਫ ਅਨੂ ਅਤੇ ਉਸਦੀ ਪਤਨੀ ਹਰਜੋਤ ਕੌਰ ਸ਼ਾਮਲ ਹਨ।
ਪੂਜਾ ਕੁੰਦਨ ਅਤੇ ਅੰਜਲੀ ਨਾਂ ਦੀਆਂ ਮੁਲਜ਼ਮਾਂ ਭਗੌੜਿਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। STF ਦੇ ਲੁਧਿਆਣਾ ਰੇਂਜ ਦੇ ਅਧਿਕਾਰੀਆਂ ਦੇ ਅਨੁਸਾਰ, ਜੂਨ 2020 ਵਿੱਚ, ਇੱਕ ਫਾਰਚੂਨਰ ਗੱਡੀ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੌਕੇ ਤੋਂ 3 ਕਿਲੋ 200 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਚਾਰ ਮੈਗਜ਼ੀਨ, 13 ਜਿੰਦਾ ਕਾਰਤੂਸ ਅਤੇ 60 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ।
ਪੁਲੀਸ ਨੇ ਮੌਕੇ ਤੋਂ ਮੁਲਜ਼ਮ ਰਾਜਕੁਮਾਰ ਉਰਫ਼ ਰਾਜੂ, ਉਸ ਦੀ ਪਤਨੀ ਅੰਜਲੀ ਅਤੇ ਅਰੁਣ ਕੁਮਾਰ ਉਰਫ਼ ਅਨੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਬਾਅਦ ਵਿੱਚ ਇਸ ਕੇਸ ਵਿੱਚ ਉਸ ਦੀਆਂ ਦੋ ਹੋਰ ਸਾਥੀਆਂ ਪੂਜਾ ਕੁੰਦਨ ਅਤੇ ਹਰਜੋਤ ਕੌਰ ਨੂੰ ਨਾਮਜ਼ਦ ਕੀਤਾ ਸੀ।
ਜੂਨ 2020 ‘ਚ ਗ੍ਰਿਫਤਾਰੀ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਇਸ ਮਾਮਲੇ ‘ਚ ਦੋਸ਼ੀ ਪੂਜਾ ਕੁੰਦਨ ਲਗਾਤਾਰ ਅਦਾਲਤ ‘ਚੋਂ ਗੈਰ-ਹਾਜ਼ਰ ਸੀ। ਇਸ ਕਾਰਨ ਅਦਾਲਤ ਨੇ ਅਕਤੂਬਰ 2021 ਵਿੱਚ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ। ਜਦੋਂਕਿ ਦੋਸ਼ੀ ਅੰਜਲੀ ਨੂੰ ਅਦਾਲਤ ਨੇ ਨਵੰਬਰ 2022 ਤੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ।