ਸੂਬੇ ’ਚ ਜਲਦ ਹੀ 142 ਹੋਰ ਨਵੇਂ ਆਮ ਆਦਮੀ ਕਲੀਨਿਕ ਜਨਤਾ ਨੂੰ ਕੀਤੇ ਜਾਣਗੇ ਸਮਰਪਿਤ : ਡਾ. ਬਲਬੀਰ ਸਿੰਘ

  • ਸਿਹਤ ਮੰਤਰੀ ਨੇ ਗੜ੍ਹਸ਼ੰਕਰ ਦੇ ਪਿੰਡ ਰੁੜਕੀ ਖਾਸ ਦਾ ਕੀਤਾ ਦੌਰਾ, ਪੰਜਾਬ ਪੁਲਿਸ ਦੀ ਟੁਕੜੀ ਨੇ ਦਿੱਤਾ ਗਾਰਡ ਆਫ਼ ਆਨਰ
  • ਆਮ ਆਦਮੀ ਕਲੀਨਿਕ ਨੂੰ ਸਿਹਤ ਸੇਵਾਵਾਂ ’ਚ ਕ੍ਰਾਂਤੀਕਾਰੀ ਬਦਲਾਅ ਦੱਸਿਆ
  • ਕਿਹਾ, ਪੰਜਾਬ ’ਚ ਲਾਗੂ ਹੋਣ ਜਾ ਰਹੀ ਹੈ ਫਰਿਸ਼ਤਾ ਸਕੀਮ, ਸੜਕ ਹਾਦਸੇ ’ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਦਿੱਤੀ ਜਾਵੇਗੀ 2 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ
  • ਜ਼ਖਮੀ ਦਾ ਵੀ ਪੰਜਾਬ ਸਰਕਾਰ ਵਲੋਂ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ’ਚ ਕਰਵਾਇਆ ਜਾਵੇਗਾ ਮੁਫ਼ਤ ਇਲਾਜ
  • ਸਿਹਤ ਵਿਭਾਗ ’ਚ ਸਟਾਫ ਤੇ ਹਰ ਜ਼ਰੂਰੀ ਕਮੀ ਨੂੰ ਜਲਦ ਕੀਤਾ ਜਾਵੇਗਾ ਪੂਰਾ

ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਮਾਰਚ :
ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਤੇ ਚੋਣਾਂ ਮਾਮਲੇ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਰਾਹੀਂ ਸੂਬੇ ਵਿਚ ਸਿਹਤ ਸੇਵਾਵਾਂ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਹੈ ਅਤੇ ਹੁਣ ਸਬ-ਡਵੀਜ਼ਨ ਤੇ ਜ਼ਿਲ੍ਹਾ ਹਸਪਤਾਲਾਂ ਵਿਚ ਵੱਧ ਤੋਂ ਵੱਧ ਸੁਵਿਧਾਵਾਂ ਦੇ ਕੇ ਇਥੇ ਵੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਉਹ ਅੱਜ ਗੜ੍ਹਸ਼ੰਕਰ ਦੇ ਨੇੜੇ ਪਿੰਡ ਰੁੜਕੀ ਖਾਸ ਦੇ ਦੌਰੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਜ਼ਿਲ੍ਹੇ ਵਿਚ ਪਹਿਲੀ ਵਾਰ ਆਉਣ ’ਤੇ ਸਿਹਤ ਮੰਤਰੀ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ, ਡੀ.ਐਸ.ਪੀ. ਦਲਜੀਤ ਸਿੰਘ ਖੱਖ ਵੀ ਮੌਜੂਦ ਸਨ।

ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਹਿਤੈਸ਼ੀ ਬਜਟ ਪੇਸ਼ ਕੀਤਾ ਹੈ, ਜਿਸ ਦਾ ਹਰੇਕ ਵਰਗ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਪੰਜਾਬ ਵਿਚ ਹੁਣ ਤੱਕ 504 ਆਮ ਆਦਮੀ ਕਲੀਨਿਕ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਮਾਰਚ ਦੇ ਅਖੀਰ ਤੱਕ 142 ਹੋਰ ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਕਾਫ਼ੀ ਲਾਭ ਪਹੁੰਚਿਆ ਹੈ, ਕਿਉਂਕਿ ਇਥੇ ਮੁਢਲੀ ਜਾਂਚ ਤੋਂ ਇਲਾਵਾ ਲੈਬ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਫਰਿਸ਼ਤਾ ਸਕੀਮ ਪੰਜਾਬ ਵਿਚ ਲਾਗੂ ਹੋਣ ਜਾ ਰਹੀ ਹੈ, ਜਿਸ ਤਹਿਤ ਪੰਜਾਬ ਦਾ ਜਾਂ ਪੰਜਾਬ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਜੇਕਰ ਸੜਕ ਦੁਰਘਟਨਾ ਵਿਚ ਜ਼ਖ਼ਮੀ ਹੁੰਦਾ ਹੈ, ਤਾਂ ਜ਼ਖ਼ਮੀ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਵਿਚ ਪਹੁੰਚਾਉਣ ਵਾਲੇ ਨੂੰ ਪੰਜਾਬ ਸਰਕਾਰ ਫਰਿਸ਼ਤਾ ਮੰਨਦੇ ਹੋਏ ਉਸ ਨੂੰ 2000 ਰੁਪਏ ਸਨਮਾਨ ਰਾਸ਼ੀ ਦੇਵੇਗੀ ਅਤੇ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਖ਼ਮੀ ਦਾ ਇਲਾਜ਼ ਮੁਫ਼ਤ ਕੀਤਾ ਜਾਵੇਗਾ, ਚਾਹੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਹੀ ਕਿਉਂ ਨਾ ਦਾਖਲ ਕਰਵਾਇਆ ਗਿਆ ਹੋਵੇ, ਸਾਰਾ ਇਲਾਜ ਦਾ ਖਰਚਾ ਪੰਜਾਬ ਸਰਕਾਰ ਸਹਿਣ ਕਰੇਗੀ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕੀਤੀ ਜਾਵੇਗੀ। ਹਸਪਤਾਲਾਂ ਵਿਚ ਬੁਨਿਆਦੀ ਸੁਵਿਧਾਵਾਂ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚ ਵੱਧ ਤੋਂ ਵੱਧ ਭਰਤੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਆਈ.ਐਮ.ਏ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਰੈਸ਼ਨੇਲਾਈਜ਼ ਤੇ ਗੈਪ ਆਨਲਾਈਨ ਕਰਕੇ ਪੂਰੀ ਵਿਵਸਥਾ ਠੀਕ ਕੀਤੀ ਜਾਵੇਗੀ।

ਇਸ ਦੌਰਾਨ ਉਨ੍ਹਾਂ ਐਸ.ਡੀ.ਐਮ ਗੜ੍ਹਸ਼ੰਕਰ ਨੂੰ ਪਿੰਡ ਦੇ ਸਕੂਲ ਦੀ ਮੁਰੰਮਤ, ਪਿੰਡ ਦੇ ਸਿਹਤ ਸਬ-ਸੈਂਟਰ ਨੂੰ ਆਮ ਆਦਮੀ ਕਲੀਨਿਕ ਬਣਾਉਣ ਲਈ ਪ੍ਰਸਤਾਵ ਭੇਜਣ ਲਈ ਕਿਹਾ। ਉਨ੍ਹਾਂ ਪਿੰਡ ਦੀਆਂ ਹੋਰ ਮੰਗਾਂ ਨੂੰ ਵੀ ਜਲਦ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਪਿੰਡ ਵਾਸੀਆਂ ਨੇ ਸਿਹਤ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਸੁੰਦਰ ਸਿੰਘ, ਪ੍ਰਿਤਪਾਲ ਸਿੰਘ ਸੋਢੀ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਪਾਲ ਖਹਿਰਾ ਨੂੰ ਧ+ਮਕੀ ਦੇਣ ਵਾਲਾ ਗ੍ਰਿਫਤਾਰ: ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਸੀ ਗੋ+ਲੀ ਮਾਰਨ ਦਾ ਕੁਮੈਂਟ

ਪੰਜਾਬ ਸਰਕਾਰ ਦੇ ਰਾਜ ਵਿੱਚ ਗੈਂਗਸਟਰ ਅਤੇ ਵੱਖਵਾਦੀ ਹੋਏ ਬੇਲਗਾਮ, ਕਿਸੇ ਨੂੰ ਸਰਕਾਰ ਦਾ ਨਹੀਂ ਕੋਈ ਡਰ – ਰਾਜੇਸ਼ ਬਾਘਾ