- ਰਿਸ਼ਵਤਖੋਰੀ ਦਾ ਕੇਸ ਨਿਪਟਾਉਣ ਬਹਾਨੇ ਪੁਲਿਸ ਮੁਲਾਜਮਾਂ ਤਰਫੋਂ ਲੱਖ ਰੁਪਏ ਰਿਸਵਤ ਲੈਂਦਾ ਇੱਕ ਪ੍ਰਾਇਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
- ਵਿਜੀਲੈਂਸ ਨੂੰ ਰਿਸਵਤ ਦਾ ਕੇਸ ਫੜਾਉਣ ਵਾਲਾ ਉਸੇ ਕੇਸ ਨੂੰ ਨਿਪਟਾਉਣ ਲਈ ਮੰਗ ਰਿਹਾ ਸੀ 11 ਲੱਖ ਰੁਪਏ
ਚੰਡੀਗੜ੍ਹ, 1 ਅਕਤੂਬਰ 2022 – ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਇੱਕ ਪ੍ਰਾਇਵੇਟ ਵਿਅਕਤੀ ਨੂੰ ਵਿਜੀਲੈਂਸ ਮਾਮਲੇ ਦਾ ਨਿਪਟਾਰਾ ਕਰਨ ਲਈ ਪੁਲਿਸ ਅਧਿਕਾਰੀਆਂ ਤਰਫੋਂ 1,00,000 ਰੁਪਏ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਤਲਾਸੀ ਦੌਰਾਨ ਉਸ ਕੋਲੋਂ .32 ਬੋਰ ਦਾ ਇੱਕ ਰਿਵਾਲਵਰ, 1 ਕਾਰ ਅਤੇ 2 ਮੋਬਾਈਲ ਬਰਾਮਦ ਹੋਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪ੍ਰਾਇਵੇਟ ਵਿਅਕਤੀ ਸੁਖਜਿੰਦਰ ਸਿੰਘ ਵਾਸੀ ਪਿੰਡ ਚੱਕ ਰੋੜੀਵਾਲਾ (ਤੰਬੂਵਾਲਾ), ਤਹਿਸੀਲ ਜਲਾਲਾਬਾਦ, ਜ਼ਿਲਾ ਫਾਜ਼ਿਲਕਾ ਨੂੰ ਸੰਦੀਪ ਸਿੰਘ ਦੀ ਸ਼ਿਕਾਇਤ ‘ਤੇ ਗਿ੍ਰਫ਼ਤਾਰ ਕੀਤਾ ਗਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਦੋਸੀ ਸੁਖਜਿੰਦਰ ਸਿੰਘ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜਪੁਰ ਵਿਖੇ ਐਫ.ਆਈ.ਆਰ ਨੰਬਰ 13, ਮਿਤੀ 04-08-2022 ਤਹਿਤ ਭਿ੍ਰਸਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਦਰਜ ਰਿਸਵਤਖੋਰੀ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਸੀ ਜੋ ਕਿ ਸਵਰਨ ਰਾਣੀ, ਜੂਨੀਅਰ ਇੰਜੀਨੀਅਰ, ਮਗਨਰੇਗਾ, ਫਾਜ਼ਿਲਕਾ ਵਿਰੁੱਧ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਸਵਰਨ ਰਾਣੀ ਨੂੰ ਇਸੇ ਪ੍ਰਾਈਵੇਟ ਵਿਅਕਤੀ ਤੋਂ 25,000 ਰੁਪਏ ਰਿਸਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ।

ਉਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ ਲਗਾਇਆ ਹੈ ਕਿ ਉਕਤ ਕੇਸ ਦੇ ਨਿਪਟਾਰੇ ਲਈ ਦੋਸੀ ਸੁਖਜਿੰਦਰ ਸਿੰਘ ਪੁਲਿਸ ਅਧਿਕਾਰੀਆਂ ਤਰਫੋਂ ਉਸ ਕੋਲੋਂ 15 ਲੱਖ ਰੁਪਏ ਰਿਸਵਤ ਵਜੋਂ ਮੰਗ ਰਿਹਾ ਸੀ ਪਰ ਸੌਦਾ 11 ਲੱਖ ਰੁਪਏ ‘ਚ ਤੈਅ ਹੋ ਗਿਆ। ਸ਼ਿਕਾਇਤਕਰਤਾ ਸੰਦੀਪ ਸਿੰਘ ਜੂਨੀਅਰ ਇੰਜੀਨੀਅਰ ਸਵਰਨ ਰਾਣੀ ਦਾ ਭਰਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸਾਖਾ (ਈ.ਓ.ਡਬਲਯੂ.), ਲੁਧਿਆਣਾ ਦੀ ਵਿਜੀਲੈਂਸ ਟੀਮ ਨੇ ਦੋਸੀ ਸੁਖਜਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਇੱਕ ਲੱਖ ਰੁਪਏ ਰਿਸਵਤ ਲੈਂਦਿਆਂ ਗਿ੍ਰਫਤਾਰ ਕੀਤਾ ਹੈ ਕਿਉਂਕਿ ਬਾਕੀ ਰਕਮ ਬਾਅਦ ਵਿੱਚ ਦਿੱਤੀ ਜਾਣੀ ਸੀ।
ਉਹਨਾਂ ਦੱਸਿਆ ਕਿ ਇਸ ਸਬੰਧੀ ਐਫ.ਆਈ.ਆਰ.ਨੰਬਰ 11, ਮਿਤੀ 30-09-2022 ਅਧੀਨ ਭਿ੍ਰਸਟਾਚਾਰ ਰੋਕੂ ਐਕਟ ਦੀ ਧਾਰਾ 7-ਏ ਤਹਿਤ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸਾਖਾ ਪੁਲਿਸ ਸਟੇਸਨ, ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
