ਫਾਜ਼ਿਲਕਾ, 7 ਨਵੰਬਰ 2024 – ਫਾਜ਼ਿਲਕਾ ਦੇ ਫਿਰੋਜ਼ਪੁਰ ਫਲਾਈਓਵਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਟਰੈਕਟਰ ਟਰਾਲੀ ਨਾਲ ਟਕਰਾਉਣ ਨਾਲ ਬਾਈਕ ‘ਤੇ ਸਵਾਰ 18 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਉਸ ਦੇ ਨਾਲ ਸਵਾਰ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਗਗਨਦੀਪ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਂ ਅੰਕੁਸ਼ ਕੁਮਾਰ (18) ਸੀ, ਜੋ ਕਿ ਪਿੰਡ ਰਾਣਵਾਂ ਦਾ ਰਹਿਣ ਵਾਲਾ ਸੀ, ਉਸ ਦੇ ਪਿਤਾ ਫਾਜ਼ਿਲਕਾ ਦੇ ਇਕ ਪ੍ਰਾਈਵੇਟ ਪੈਲੇਸ ਵਿਚ ਬਤੌਰ ਮੈਨੇਜਰ ਕੰਮ ਕਰਦੇ ਹਨ, ਸ਼ਾਮ ਨੂੰ ਉਹ ਜਿੰਮ ਕਰਨ ਤੋਂ ਬਾਅਦ ਬਾਈਕ ‘ਤੇ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ।
ਜਦੋਂ ਉਹ ਫ਼ਿਰੋਜ਼ਪੁਰ ਹਾਈਵੇਅ ’ਤੇ ਫਲਾਈਓਵਰ ਨੇੜੇ ਪੁੱਜਾ ਤਾਂ ਉਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਮੋਹਿਤ ਜ਼ਖ਼ਮੀ ਹੋ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਅੰਕੁਸ਼ ਨਸ਼ਿਆਂ ਤੋਂ ਦੂਰ ਸੀ ਅਤੇ ਜਿੰਮ ਕਰਕੇ ਚੰਗੀ ਬਾਡੀ ਬਣਾ ਰਿਹਾ ਸੀ। ਪਰ ਇਸ ਹਾਦਸੇ ਨੇ ਉਸ ਦੀ ਜਾਨ ਲੈ ਲਈ।
ਦੂਜੇ ਪਾਸੇ ਇਸ ਸਬੰਧੀ ਮੌਕੇ ‘ਤੇ ਮੌਜੂਦ ਚਸ਼ਮਦੀਦ ਰਾਜੀਵ ਨਾਗਪਾਲ ਅਤੇ ਲਖਬੀਰ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਪਰ ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਮੌਕੇ ‘ਤੇ 15-20 ਮਿੰਟ ਤੱਕ ਐਂਬੂਲੈਂਸ ਨਾ ਪੁੱਜਣ ‘ਤੇ ਜ਼ਖਮੀ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਬਾਈਕ ‘ਤੇ ਬਿਠਾ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੌਜਵਾਨ ਦੀ ਮੌਤ ਤੋਂ ਬਾਅਦ ਮਾਤਾ-ਪਿਤਾ ਅਤੇ ਉਸ ਦੀ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਜ਼ਖਮੀ ਨੌਜਵਾਨ ਮੋਹਿਤ ਦਾ ਕਹਿਣਾ ਹੈ ਕਿ ਮ੍ਰਿਤਕ ਅੰਕੁਸ਼ ਨੇ ਘਰ ਪਰਤਣ ਤੋਂ ਪਹਿਲਾਂ ਆਪਣੇ ਪਿਤਾ ਲਈ ਕੱਪੜੇ ਅਤੇ ਮਾਂ ਲਈ ਜੁੱਤੀ ਖਰੀਦੀ ਸੀ, ਜਦੋਂ ਉਹ ਦੋਵੇਂ ਆਪਣੇ ਮਾਤਾ-ਪਿਤਾ ਨੂੰ ਦੇਣ ਜਾ ਰਹੇ ਸਨ ਕਿ ਰਸਤੇ ‘ਚ ਹਾਦਸਾ ਹੋ ਗਿਆ।