- ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਰਿਪੋਰਟਰ…. ਰੋਹਿਤ ਗੁਪਤਾ
ਗੁਰਦਾਸਪੁਰ, 31 ਅਕਤੂਬਰ 2023 – ਗੁਰਦਾਸਪੁਰ ਜਿਲੇ ਦੇ ਹਲਕਾ ਕਾਦੀਆਂ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਲੜਕੀ ਮਹਿਕ ਸ਼ਰਮਾ ਪੁੱਤਰੀ ਤਰਲੋਕ ਚੰਦ ਦਾ ਕਰੋਇਡੋਨ (ਲੰਦਨ) ਵਿੱਚ ਉਸ ਦੇ ਘਰ ਦੇ ਅੰਦਰ ਚਾਕੂ ਮਾਰ-ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਡੇਢ ਸਾਲ ਪਹਿਲਾਂ ਹੀ ਮਹਿਕ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਇੱਕ ਲੜਕੇ ਨਾਲ ਵਿਆਹ ਹੋਇਆ ਸੀ ਅਤੇ ਉਹ ਇਕ ਸਾਲ ਪਹਿਲਾਂ ਹੀ ਲੰਦਨ ਗਏ ਸੀ। ਪਿੱਛੇ ਲੜਕੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਅਤੇ ਆਪਣੀ ਲੜਕੀ ਦਾ ਮ੍ਰਿਤ ਸਰੀਰ ਭਾਰਤ ਲਿਆਉਣ ਦੀ ਗੁਹਾਰ ਉਸਦੀ ਮਾਂ ਵੱਲੋਂ ਲਗਾਈ ਜਾ ਰਹੀ ਹੈ ਜਦ ਕਿ ਲੜਕੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ।
ਇਸ ਬਾਰੇ ਮ੍ਰਿਤਕਾ ਦੀ ਮਾਂ ਮਧੂ ਬਾਲਾ ,ਪਿੰਡ ਵਾਸੀ ਮਨਜੀਤ ਸਿੰਘ ਅਤੇ ਪਰਿਵਾਰਕ ਮੈਂਬਰ ਸੋਨੂ ਨੇ ਦੱਸਿਆ ਕਿ ਮ੍ਰਿਤਕਾਂ ਦੀ ਮਾਂ ਵਿਧਵਾ ਹੈ ਅਤੇ ਉਸ ਦੀ ਬੇਟੀ ਮਹਿਕ ਸ਼ਰਮਾਂ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਸ ਦੀ ਬੇਟੀ ਪਲਸ ਟੂ ਪਾਸ ਸੀ ਅਤੇ ਸਟੱਡੀ ਵੀਜ਼ੇ ਤੇ 20 ਨਵੰਬਰ 2022 ਨੂੰ ਲੰਦਨ ਗਈ ਸੀ। ਇਸ ਤੋਂ ਬਾਅਦ ਕੁੱਝ ਮਹੀਨੇ ਪਹਿਲਾਂ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਉਸ ਵੀਜ਼ੇ ਤੇ ਉਸ ਕੋਲ ਲੰਦਨ ਚਲਾ ਗਿਆ।
ਮਹਿਕ ਸ਼ਰਮਾ ਨੇ ਆਪਣਾ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰਵਾ ਲਿਆ ਸੀ। ਅਤੇ ਇਸ ਸਮੇਂ ਫ਼ੈਬੁਲਸ ਹੋਮ ਕੇਅਰ ਲਿਮਿਟਡ ਵਿੱਚ ਕੇਅਰ ਟੇਕਰ ਦੀ ਜਾਬ ਕਰ ਰਹੀ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਕਿ ਜਦੋਂ ਤੋਂ ਸਾਹਿਲ ਲੰਦਨ ਗਿਆ ਉਹ ਉਸ ਦੀ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਉਹ ਸ਼ੱਕੀ ਕਿਸਮ ਦਾ ਵਿਅਕਤੀ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਤੇਰਾ ਕਤਲ ਕਰ ਦੇਣਾ ਹੈ। ਉਹਨਾਂ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਅੱਜ ਸੰਪਰਕ ਨਹੀਂ ਹੋ ਰਿਹਾ ਸੀ। ਬਾਅਦ ਵਿੱਚ ਲੰਦਨ ਤੋਂ ਉਸ ਨੂੰ ਕਾਲ ਆਈ ਕਿ ਉਸ ਦੀ ਬੇਟੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਇਸ ਸਬੰਧ ਵਿੱਚ ਲੰਦਨ ਪੁਲੀਸ ਨੇ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਨੇ ਦੱਸਿਆ ਕਿ ਉਸ ਦੇ 23 ਸਾਲਾ ਜਵਾਈ ਸਾਹਿਲ ਸ਼ਰਮਾ ਨੇ ਇਹ ਕੱਤਲ ਕੀਤਾ ਹੈ। ਇਸ ਸਬੰਧ ਵਿੱਚ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਬੇਟੀ ਦੀ ਮਿਰਤਕ ਦੇਹ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ।